post

Jasbeer Singh

(Chief Editor)

Patiala News

ਬੀ. ਡੀ. ਪੀ. ਓ. ਦਫਤਰ ਪਟਿਆਲਾ ਵਿਖੇ ਹੋਇਆ ਹੰਗਾਮਾ, ਬੋਲੀ ਦੇਣ ਆਏ ਐਸ. ਸੀ. ਵਰਗ ਵੱਲੋਂ ਕੁੱਟਮਾਰ ਦੇ ਲਗਾਏ ਗਏ ਦੋਸ਼

post-img

ਬੀ. ਡੀ. ਪੀ. ਓ. ਦਫਤਰ ਪਟਿਆਲਾ ਵਿਖੇ ਹੋਇਆ ਹੰਗਾਮਾ, ਬੋਲੀ ਦੇਣ ਆਏ ਐਸ. ਸੀ. ਵਰਗ ਵੱਲੋਂ ਕੁੱਟਮਾਰ ਦੇ ਲਗਾਏ ਗਏ ਦੋਸ਼ ਬਠੋਈ ਕਲਾਂ ਦੀ ਸ਼ਾਮਲਾਟ ਜਮੀਨ ਦੀ ਬੋਲੀ ਦੇਣ ਲਈ ਬੀਡੀਪੀਓ ਦਫਤਰ ਆਏ ਸਨ ਐਸ. ਸੀ. ਕਮਿਊਨਟੀ ਲੋਕ ਸ਼ਾਮਲਾਟ ਜਮੀਨ ’ਤੇ ਕਾਬਜ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਲ ਮਿਲ ਕੇ ਲਗਾਇਆ ਦਫਤਰ ਬਾਹਰ ਧਰਨਾ ਐਸ. ਸੀ. ਕਮਿਊਨਟੀ ਦੇ ਦੋ ਮੈਂਬਰਾਂ ਦੇ ਲੱਗੀਆਂ ਗੰਭੀਰ ਸੱਟਾਂ, ਰਜਿੰਦਰਾ ਹਸਪਤਾਲ ’ਚ ਕਰਵਾਇਆ ਗਿਆ ਭਰਤੀ ਪਟਿਆਲਾ 4 ਜੂਨ : ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ਦੇ ਪਿੰਡ ਬਠੋਈ ਕਲਾਂ ਦੀ ਸ਼ਾਮਲਾਟ ਜਮੀਨ ਦਾ ਮਾਮਲਾ ਲਗਾਤਾਰ ਉਲਝਦਾ ਜਾ ਰਿਹਾ ਹੈ। ਅੱਜ ਪਟਿਆਲਾ ਦੇ ਬੀ. ਡੀ. ਪੀ. ਓ. ਦਫਤਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਧਿਰ ਲਗਭਗ 90 ਤੋਂ ਵੱਧ ਕਿੱਲਿਆਂ ਦੀ ਬੋਲੀ ਦੇਣ ਲਈ ਪੁੱਜ ਗਈ, ਜਦਕਿ ਦੂਜੇ ਬੰਨੇ ਸ਼ਾਮਲਾਟ ’ਤੇ ਕਾਬਜ ਪਿੰਡ ਬਠੋਈ ਕਲਾਂ ਦੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ’ਚ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਬੀ. ਡੀ. ਪੀ. ਓ. ਦਫਤਰ ਪਟਿਆਲਾ ਦੇ ਬਾਹਰ ਧਰਨਾ ਠੋਕ ਦਿੱਤਾ ਗਿਆ । ਅੱਜ ਜਦੋਂ ਬੀ. ਡੀ. ਪੀ. ਓ. ਦਫਤਰ ਪਟਿਆਲਾ ਵਿਖੇ ਪਿੰਡ ਬਠੋਈ ਕਲਾਂ ਦੇ ਐਸੀ ਕਮਿਊਨਟੀ ਦੇ ਲੋਕ ਆਪਣੇ ਹਿੱਸੇ ਦੀ ਜਮੀਨ ਦੀ ਬੋਲੀ ਦੇਣ ਲਈ ਪੁੱਜੇ ਤਾਂ ਪਿੰਡ ਦੀ ਸ਼ਾਮਲਾਟ ਜਮੀਨ ’ਤੇ ਕਾਬਜ ਪਿੰਡ ਦੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਲੈ ਕੇ ਬੀ. ਡੀ. ਪੀ. ਓ. ਦਫਤਰ ਅੱਗੇ ਧਰਨਾ ਲਗਾ ਦਿੱਤਾ । ਇਸ ਦੌਰਾਨ ਪ੍ਰਸ਼ਾਸਨ ਵੱਲੋਂ ਬੀ. ਡੀ. ਪੀ. ਓ. ਦਫਤਰ ਦਾ ਇੱਕ ਗੇਟ ਬੰਦ ਕਰ ਦਿੱਤਾ ਤੇ ਇੱਕ ਗੇਟ ਉੱਤੇ ਕਿਸਾਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ । ਇਸ ਦੌਰਾਨ ਪ੍ਰਸ਼ਾਸਨ ਵੱਲੋਂ ਬੰਦ ਕੀਤੇ ਗੇਟ ਰਾਹੀਂ ਐਸ. ਸੀ. ਕਮਿਊਨਟੀ ਦੇ ਲੋਕਾਂ ਨੂੰ ਦਫਤਰ ਅੰਦਰ ਬੁਲਾ ਕੇ ਆਪਣੀ ਕਾਰਵਾਈ ਸ਼ੁਰੂ ਦਿੱਤੀ, ਜਿਸਦਾ ਪਤਾ ਲੱਗਣ ’ਤੇ ਕਿਸਾਨ ਯੁੂਨੀਅਨ ਵੱਲੋਂ ਇਸਦਾ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਜਬਰਦਸਤੀ ਦਫਤਰ ਅੰਦਰ ਦਾਖਲ ਹੋ ਗਏ । ਇਸ ਦੌਰਾਨ ਮਾਮਲਾ ਉਸ ਸਮੇਂ ਪੂਰੀ ਤਰ੍ਹਾਂ ਭੱਖ ਗਿਆ, ਜਦੋਂ ਕਿਸਾਨਾਂ ਤੇ ਐਸ. ਸੀ. ਕਮਿਊਨਟੀ ਦੇ ਲੋਕਾਂ ’ਚ ਕੁੱਟਮਾਰ ਸ਼ੁਰੂ ਹੋ ਗਈ । ਇਸ ਦੌਰਾਨ ਕਿਸਾਨਾਂ ਵੱਲੋਂ ਝੰਡਿਆਂ ’ਚ ਪਾਇਆ ਡੰਡਿਆਂ ਰਾਹੀਂ ਐਸ. ਸੀ. ਕਮਿਊਨਟੀ ਦੇ ਲੋਕਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ । ਇਸ ਮੌਕੇ ਐਸ. ਸੀ. ਕਮਿਊਨਟੀ ਦੇ ਮੁਖਤਿਆਰ ਸਿੰਘ ਨੇ ਕਥਿਤ ਦੋਸ਼ ਲਾਇਆ ਕਿ ਉਹ ਅੱਜ ਇੱਥੇ ਬੋਲੀ ਦੇਣ ਲਈ ਪੁੱਜੇ ਸਨ ਪਰ ਕਿਸਾਨ ਯੂਨੀਅਨ ਸਮੇਤ ਪਿੰਡ ਦੇ ਕੱੁਝ ਲੋਕ ਉਨ੍ਹਾਂ ਨੂੰ ਬੋਲੀ ਦੇਣ ਤੋਂ ਰੋਕ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ । ਇਸ ਕੁੱਟਮਾਰ ’ਚ ਦਰਸ਼ਨ ਸਿੰਘ ਪੁੱਤਰ ਦੇਵ ਸਿੰਘ , ਨੈਬ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬਠੋਈ ਕਲਾਂ ਬੁਰੀ ਤਰ੍ਹਾਂ ਜਖਮੀ ਹੋ ਗਏ, ਜਿੰਨ੍ਹਾਂ ਨੂੰ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ, ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਇਸ ਤੋਂ ਇਲਾਵਾ ਲਖਵਿੰਦਰ ਸਿੰਘ,ਬਲਕਾਰ ਸਿੰਘ, ਗੁਰਮੇਲ ਸਿੰਘ, ਸੁਖਵੀਰ ਸਿੰਘ, ਵਿੱਕੀ ਸਿੰਘ ਆਦਿ ਦੇ ਵੀ ਗੁੱਝੀਆਂ ਸੱਟਾਂ ਲੱਗੀਆਂ ਹਨ । ਉਨਾਂ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ਪੱਗਾਂ ਵੀ ਲਾਹੀਆਂ ਗਈਆਂ । ਇਸ ਮੌਕੇ ਇਨ੍ਹਾਂ ਲੋਕਾਂ ਨੇ ਦੋਸ਼ ਲਗਾਇਆ ਕਿ ਇੱਕ ਪਾਸੇ ਤਾਂ ਕਿਸਾਨ ਯੂਨੀਅਨਾਂ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਲਗਾਉਦੀਆਂ ਹਨ, ਦੂਜੇ ਪਾਸੇ ਇਹ ਮਜ਼ੂਦਰਾਂ ਨੂੰ ਉਨ੍ਹਾਂ ਦੇ ਹੱਕ ਲੈਣ ਲੱਗਿਆ ਕੁੱਟਮਾਰ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਦੇ ਕਹਿਣ ’ਤੇ ਆਪਣੇ ਹਿੱਸੇ ਦੀ ਜਮੀਨ ਦੀ ਬੋਲੀ ਦੇਣ ਆਏ ਸਨ ਪਰ ਪਿੰਡ ਦੀ ਸ਼ਾਮਲਾਟ ਜਮੀਨ ’ਤੇ ਕਾਬਜ ਕਿਸਾਨਾਂ ਵੱਲੋਂ ਯੂਨੀਅਨਾਂ ਨਾਲ ਮਿਲ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ । ਪ੍ਰਸ਼ਾਸਨ ਵੱਲੋਂ ਇੱਥੇ ਕਥਿਤ ਤੌਰ ’ਤੇ ਬੋਲੀ ਕਰਵਾ ਕੇ ਆਪਸੀ ਭਾਈਚਾਰੇ ਨੂੰ ਖਰਾਬ ਕੀਤਾ ਜਾ ਰਿਹਾ ਹੈ : ਬਲਰਾਜ ਜੋਸੀ ਇੱਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਰਾਜ ਜੋਸ਼ੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਨਜਾਇਜ਼ ਤੌਰ ’ਤੇ ਧੱਕਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਾਣ ਬੁੱਝ ਕੇ ਇੱਥੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਆਪਸੀ ਵਿਵਾਦ ਖੜਾ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਉੱਕਤ ਜਮੀਨ ਦੀਆਂ ਡਿਗਰੀਆਂ, ਇੰਤਕਾਲ ਗਿਰਦਾਵਰੀਆਂ ਆਦਿ ਜਿਹੜੇ ਕਿਸਾਨ ਕਾਬਜ ਹਨ ਉਨ੍ਹਾਂ ਦੇ ਨਾਮ ਹਨ ਪਰ ਪ੍ਰਸ਼ਾਸਨ ਵੱਲੋਂ ਇੱਥੇ ਕਥਿਤ ਤੌਰ ’ਤੇ ਬੋਲੀ ਕਰਵਾ ਕੇ ਆਪਸੀ ਭਾਈਚਾਰੇ ਨੂੰ ਖਰਾਬ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਉਹ ਬੀ. ਡੀ. ਪੀ. ਓ. ਨੂੰ ਮਿਲਣ ਲਈ ਪੁੱਜੇ ਸਨ ਪਰ ਉਨ੍ਹਾਂ ਨੂੰ ਨਹੀਂ ਮਿਲਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਬੀ. ਡੀ. ਪੀ. ਓ. ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਦੋਂ ਉਨ੍ਹਾਂ ਤੋਂ ਕੁੱਟਮਾਰ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਵੱਲੋਂ ਕੋਈ ਕੁੱਟਮਾਰ ਨਹੀਂ ਕੀਤੀ ਗਈ ।

Related Post