July 6, 2024 01:16:07
post

Jasbeer Singh

(Chief Editor)

Patiala News

ਰੁਲਦਾ ਸਿੰਘ ਕਤਲ ਕੇਸ: ਤਾਰਾ ਦੇ ਬਿਆਨਾਂ ਦੀ ਪ੍ਰਕਿਰਿਆ ਸ਼ੁਰੂ

post-img

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅਤ ਸਿੰੰਘ ਦੇ ਕਤਲ ਦੇ ਮਾਮਲੇ ਵਿੱਚ ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਬੰਦ ਜਗਤਾਰ ਸਿੰਘ ਤਾਰਾ ਨੂੰ ‘ਰਾਸ਼ਟਰੀ ਸਿੱਖ ਸੰਗਤ’ ਪੰਜਾਬ ਦੇ ਪ੍ਰਧਾਨ ਰਹੇ ਰੁਲਦਾ ਸਿੰਘ ਖਰੌੜ ਦੇ ਕਤਲ ਮਾਮਲੇ ਵਿੱਚ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠਾਂ ਚੰਡੀਗੜ੍ਹ ਪੁਲੀਸ ਪਟਿਆਲਾ ਲੈ ਕੇ ਆਈ। ਇਸ ਦੌਰਾਨ ਜ਼ਿਲ੍ਹਾ ਕਚਹਿਰੀਆਂ ਪੁਲੀਸ ਛਾਉਣੀ ਬਣੀਆਂ ਰਹੀਆਂ। ਸਥਾਨਕ ਅਦਾਲਤ ਵਿੱਚ ਅੱਜ ਤਾਰਾ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਸ਼ੁਰੂ ਹੋ ਗਈ। ਤਾਰਾ ਦੇ ਵਕੀਲ ਬਰਜਿੰਦਰ ਸੋਢੀ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਅਦਾਲਤ ਨੇ ਅਗਲੀ ਸੁਣਵਾਈ 6 ਜੂਨ ’ਤੇ ਪਾਈ ਹੈ। ਇਸ ਮੌਕੇ ਤਾਰਾ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਸ ਦੇ ਬਿਆਨਾਂ ਸਬੰਧੀ ਅਗਲੀਆਂ ਪੇਸ਼ੀਆਂ ’ਤੇ ਵੀ ਉਸ ਨੂੰ ਵੀਡੀਓ ਕਾਨਫ਼ਰੰਸਿੰਗ ਦੀ ਥਾਂ ਨਿੱਜੀ ਤੌਰ ’ਤੇ ਪੇਸ਼ ਕਰਨਾ ਯਕੀਨੀ ਬਣਾਇਆ ਜਾਵੇ। ਬਸੀ ਪਠਾਣਾਂ ਦੇ ਵਸਨੀਕ ਰਮਨਦੀਪ ਗੋਲਡੀ ਨੇ ਵੀ ਇਹ ਪੇਸ਼ੀ ਭੁਗਤੀ। ਜ਼ਿਕਰਯੋਗ ਹੈ ਕਿ ਰੁਲਦਾ ਸਿੰਘ ਦੀ 28-29 ਜੁਲਾਈ 2009 ਦੀ ਰਾਤ ਨੂੰ ਸਥਾਨਕ ਅਨਾਜ ਮੰਡੀ ’ਚ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਥਾਣਾ ਤ੍ਰਿਪੜੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮਗਰੋਂ ਕੀਤੀ ਗਈ ਤਫ਼ਤੀਸ਼ ਦੌਰਾਨ ਇਹ ਕਤਲ ਵਿਦੇਸ਼ੋਂ ਆਏ ਗਰਮਖਿਆਲੀ ਨੌਜਵਾਨਾਂ ਵੱਲੋਂ ਕੀਤਾ ਪਾਇਆ ਗਿਆ। ਇਨ੍ਹਾਂ ਦੇ ਹਮਾਇਤੀਆਂ ਵਜੋਂ ਗ੍ਰਿਫ਼ਤਾਰ ਕੀਤੇ ਗਏ ਪੰਜ ਜਣੇ ਪੁਲੀਸ ਨੇ ਡਿਸਚਾਰਜ ਕਰ ਦਿੱਤੇ ਸਨ। ਫਿਰ ਪੰਜ ਹੋਰ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ। ਇਸ ਕੇਸ ’ਚ ਇੰਗਲੈਂਡ ਰਹਿੰਦੇ ਮੁੁਹਾਲੀ ਵਾਸੀ ਪਰਮਜੀਤ ਪੰਮਾ ਦਾ ਨਾਮ ਵੀ ਬੋਲਦਾ ਹੈ, ਇਸ ਕਰਕੇ ਇੰਗਲੈਂਡ ਤੋਂ ਆਈ ਅੱਠ ਮੈਂਬਰੀ ਪੁਲੀਸ ਪਾਰਟੀ ਨੇ ਸਬੰਧਤ ਮੁਲਜ਼ਮਾਂ ਤੋਂ ਜੇਲ੍ਹ ’ਚ ਜਾ ਕੇ ਪੁੱਛਗਿਛ ਵੀ ਕੀਤੀ ਸੀ। ਇਸ ਮਗਰੋਂ ਇੰਗਲੈਂਡ ਪੁਲੀਸ ਨੇ ਪੰਮਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਫਿਰ ਕੇਸ ਟਰਾਇਲ ਦੌਰਾਨ ਐਡਵੋਕੇਟ ਬਰਜਿੰਦਰ ਸੋਢੀ ਤੇ ਹੋਰ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੁੰਦਿਆਂ ਅਦਾਲਤ ਨੇ ਇਨ੍ਹਾਂ ਪੰਜਾਂ ਨੂੰ ਵੀ ਬਰੀ ਕਰ ਦਿੱਤਾ ਸੀ। ਇਨ੍ਹਾਂ ਵਿੱਚ ਜਸਵਿੰਦਰ ਰਾਜਪੁਰਾ ਵੀ ਸ਼ਾਮਲ ਰਿਹਾ। ਇਸੇ ਕੇਸ ’ਚ 2004 ਵਿੱਚ ਬੁੜੈਲ ਜੇਲ੍ਹ ਤੋੜ ਕੇ ਭੱਜਿਆ ਜਗਤਾਰ ਸਿੰਘ ਤਾਰਾ ਭਾਵੇਂ ਕਿ ਪਾਕਿਸਤਾਨ ਚਲਾ ਗਿਆ ਸੀ। ਰਮਨਦੀਪ ਗੋਲਡੀ ਵੀ ਪਾਕਿਸਤਾਨ ਰਹਿੰਦਾ ਰਿਹਾ ਹੈ। ਇਨ੍ਹਾਂ ਦੋਹਾਂ ਨੂੰ ਵੀ ਇਸ ਕੇਸ ’ਚ ਸ਼ਾਜਿਸ਼ਘਾੜਿਆਂ ਵਜੋਂ ਸ਼ਾਮਲ ਕੀਤਾ ਹੋਇਆ ਹੈ। ਤਾਰਾ ਵੱਲੋਂ ਮਾਨ ਤੇ ਅੰਮ੍ਰਿਤਪਾਲ ਨੂੰ ਜਿਤਾਉਣ ਦਾ ਸੱਦਾ ਪੇਸ਼ੀ ’ਤੇ ਆਏ ਬੱਬਰ ਖਾਲਸਾ ਦੇ ਕਾਰਕੁਨ ਜਗਤਾਰ ਤਾਰਾ ਨੇ ਲੋਕਾਂ ਨੂੰ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਅਤੇ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਸਣੇ ਪੰਥਕ, ਪੰਜਾਬ ਅਤੇ ਪੰਜਾਬੀਅਤ ਪ੍ਰਤੀ ਹਮਦਰਦੀ ਤੇ ਉਸਾਰੂ ਸੋਚ ਰੱਖਣ ਵਾਲਿਆਂ ਦੇ ਹੱਕ ਵਿੱਚ ਵੋਟਾਂ ਪਾਉਣ ਦਾ ਸੱਦਾ ਦਿੱਤਾ। ਇਹ ਸੁਨੇਹਾ ਉਨ੍ਹਾਂ ਨੇ ਆਪਣੇ ਵਕੀਲ ਅਤੇ ਮਨੁੱਖੀ ਅਧਿਕਾਰਾਂ ਦੇ ਹਾਮੀ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਰਾਹੀਂ ਭੇਜਿਆ, ਜਿਨ੍ਹਾਂ ਨੇ ਖੁਦ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਦਾ ਖੁਲਾਸਾ ਕੀਤਾ।

Related Post