
ਐਸ. ਡੀ. ਐਮ ਰਾਜੇਸ਼ ਸਰਮਾ ਨੇ ਢੰਡੋਲੀ ਕਲਾਂ ਵਿਖੇ ਲੱਗੇ ਕੈਂਪ ਦੌਰਾਨ ਬਿਨੈਕਾਰਾਂ ਨੂੰ ਮੌਕੇ ’ਤੇ ਹੀ ਆਮਦਨ ਅਤੇ ਜਾਤੀ ਸਰ
- by Jasbeer Singh
- July 24, 2024

ਐਸ. ਡੀ. ਐਮ ਰਾਜੇਸ਼ ਸਰਮਾ ਨੇ ਢੰਡੋਲੀ ਕਲਾਂ ਵਿਖੇ ਲੱਗੇ ਕੈਂਪ ਦੌਰਾਨ ਬਿਨੈਕਾਰਾਂ ਨੂੰ ਮੌਕੇ ’ਤੇ ਹੀ ਆਮਦਨ ਅਤੇ ਜਾਤੀ ਸਰਟੀਫਿਕੇਟ ਪ੍ਰਦਾਨ ਕੀਤੇ ਦਿੜ੍ਹਬਾ/ਸੰਗਰੂਰ, 24 ਜੁਲਾਈ : ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਪਾਰਦਰਸ਼ੀ ਪ੍ਰਣਾਲੀ ਨਾਲ ਸਮਾਂਬੱਧ ਪ੍ਰਸ਼ਾਸਨਿਕ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮੁਹੱਈਆ ਕਰਵਾਉਣ ਦੇ ਮਿੱਥੇ ਟੀਚੇ ਤਹਿਤ ਇਨ੍ਹੀਂ ਦਿਨੀਂ ਜ਼ਿਲ੍ਹੇ ਦੀਆਂ ਵੱਖ ਵੱਖ ਸਬ ਡਵੀਜ਼ਨਾਂ ਵਿੱਚ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਮੁਹਿੰਮ ਜੋਸ਼ੋ ਖਰੋਸ਼ ਨਾਲ ਜਾਰੀ ਹੈ। ਅੱਜ ਦਿੜ੍ਹਬਾ ਦੇ ਪਿੰਡ ਢੰਡੋਲੀ ਕਲਾਂ ਵਿਖੇ ਆਯੋਜਿਤ ਅਜਿਹੇ ਹੀ ਇੱਕ ਕੈਂਪ ਦਾ ਜਾਇਜ਼ਾ ਲੈਂਦਿਆਂ ਐਸ.ਡੀ.ਐਮ ਰਾਜੇਸ਼ ਸ਼ਰਮਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ਹੇਠ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਦਿੜ੍ਹਬਾ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਲੜੀਵਾਰ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਜਿਸ ਦੀ ਵਿਸ਼ੇਸ਼ਤਾ ਇਹ ਹੈ ਕਿ ਨਿਰਧਾਰਿਤ ਸ਼ਡਿਊਲ ਅਨੁਸਾਰ ਸਾਰੇ ਹੀ ਵਿਭਾਗਾਂ ਦਾ ਸਟਾਫ਼ ਇਕੋ ਸਥਾਨ ’ਤੇ ਬੈਠ ਕੇ ਲੋਕਾਂ ਦੀਆਂ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਜ਼ਰੂਰਤਾਂ ਨੂੰ ਪੂਰੀ ਤਨਦੇਹੀ ਨਾਲ ਮੁਕੰਮਲ ਕਰਦਾ ਹੈ। ਉਨ੍ਹਾਂ ਨੇ ਕੈਂਪ ਦੌਰਾਨ ਕੁਝ ਬਿਨੈਕਾਰਾਂ ਨੂੰ ਇਨਕਮ ਸਰਟੀਫਿਕੇਟ ਤੇ ਜਾਤੀ ਸਰਟੀਫਿਕੇਟ ਮੌਕੇ ’ਤੇ ਹੀ ਪ੍ਰਦਾਨ ਕੀਤੇ । ਐਸ.ਡੀ.ਐਮ ਰਾਜੇਸ਼ ਸ਼ਰਮਾ ਨੇ ਕਿਹਾ ਕਿ ਲੋਕਾਂ ਦੁਆਰਾ ਵਿਭਾਗੀ ਮਸਲਿਆਂ ਸਬੰਧੀ ਲਿਆਂਦੀਆਂ ਲਿਖਤੀ ਸ਼ਿਕਾਇਤਾਂ ਨੂੰ ਪੀ.ਜੀ.ਆਰ.ਐਸ ਪੋਰਟਲ ’ਤੇ ਨਾਲੋ ਨਾਲ ਅਪਲੋਡ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਵੱਲੋਂ ਨਿਰਧਾਰਿਤ ਸਮਾਂ ਸੀਮਾ ਅੰਦਰ ਨਾਗਰਿਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਯਕੀਨੀ ਬਣਾਇਆ ਜਾ ਸਕੇ। ਕੈਂਪ ਦੌਰਾਨ ਸੌ ਤੋਂ ਵੀ ਵਧੇਰੇ ਲੋਕਾਂ ਨੇ ਲਾਭ ਉਠਾਇਆ ਅਤੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।