ਪਿੰਡ ਲਚਕਾਣੀ ਨੂੰ ਮਿਲੀ ਵਿਕਾਸ ਦੀ ਨਵੀਂ ਸੌਗਾਤ ਸਿਹਤ ਮੰਤਰੀ ਵੱਲੋਂ ਆਂਗਨਵਾੜੀ ਸੈਂਟਰ ਦਾ ਉਦਘਾਟਨ ਪਟਿਆਲਾ 23 ਜਨਵਰੀ 2026 : ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਲਚਕਾਣੀ ਵਿੱਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਵਿਕਾਸ ਨੂੰ ਨਵੀਂ ਦਿਸ਼ਾ ਦਿੰਦਿਆ ਤਿਆਰ ਕੀਤੇ ਨਵੇਂ ਆਂਗਨਵਾੜੀ ਸੈਂਟਰ ਦਾ ਉਦਘਾਟਨ ਕੀਤਾ ਜਿਸ ਨਾਲ ਖ਼ਾਸ ਤੌਰ ’ਤੇ ਮਹਿਲਾਵਾਂ ਅਤੇ ਛੋਟੇ ਬੱਚਿਆਂ ਨੂੰ ਸਿਹਤ ਅਤੇ ਪੋਸ਼ਣ ਸੰਬੰਧੀ ਬਿਹਤਰ ਸਹੂਲਤਾਂ ਮਿਲਣਗੀਆਂ। ਓਹਨਾ ਕਿਹਾ ਆਂਗਣਵਾੜੀ ਸੈਂਟਰ ਰਾਹੀਂ ਬੱਚਿਆਂ ਦੀ ਸਿੱਖਿਆ ਦੀ ਮਜ਼ਬੂਤ ਨੀਂਹ ਰੱਖਣ ਦੇ ਨਾਲ-ਨਾਲ ਮਾਤਾ-ਬੱਚਾ ਸਿਹਤ ਸੇਵਾਵਾਂ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ । ਇਸ ਤੋਂ ਇਲਾਵਾ ਸਿਹਤ ਮੰਤਰੀ ਵੱਲੋਂ ਪਿੰਡ ਦੀਆਂ ਕਲੌਨੀਆਂ ਵਿੱਚ ਲੋਕਾਂ ਦੇ ਬੈਠਣ ਲਈ ਤਿਆਰ ਕੀਤੇ ਗਏ ਸ਼ੈਡ ਵੀ ਲੋਕ ਅਰਪਿਤ ਕੀਤੇ ਗਏ, ਜੋ ਕਿ ਪਿੰਡ ਵਾਸੀਆਂ ਲਈ ਸਮਾਜਿਕ ਮਿਲਣ-ਜੁਲਣ ਅਤੇ ਆਰਾਮ ਲਈ ਇੱਕ ਸੁਵਿਧਾਜਨਕ ਥਾਂ ਸਾਬਤ ਹੋਣਗੇ। ਇਸ ਦੇ ਨਾਲ ਹੀ ਸਕੂਲ ਵਾਲੀ ਸੜਕ ’ਤੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਵੀ ਪੂਰਾ ਕਰਕੇ ਉਦਘਾਟਨ ਕੀਤਾ ਗਿਆ, ਜਿਸ ਨਾਲ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲੇਗੀ ਅਤੇ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਰਕਾਰ ਵੱਲੋਂ ਹਰ ਫ਼ੈਸਲਾ ਲੋਕ-ਹਿਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਜਾ ਰਿਹਾ ਹੈ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਦਾ ਸਮਾਨ ਤੌਰ ’ਤੇ ਵਿਕਾਸ ਯਕੀਨੀ ਬਣਾਇਆ ਜਾ ਸਕੇ । ਇਸ ਮੌਕੇ ਬੀ. ਡੀ. ਪੀ. ਓ. ਮਨਦੀਪ ਸਿੰਘ ਉੱਪਲ, ਜੇ ਈ ਲਵਿਸ਼ ਗੌਤਮ,ਸਕੱਤਰ ਜਸਪ੍ਰੀਤ ਸਿੰਘ , ਸਰਪੰਚ ਪ੍ਰਿਤਪਾਲ ਸਿੰਘ, ਪੰਚ ਸੁਖਜੀਤ ਕੌਰ, ਰਾਮ ਦਿਆਲ , ਰਸੀਦ ਮੁਹੰਮਦ, ਅਮਰੀਕ ਸਿੰਘ, ਦੀਦਾਰ ਸਿੰਘ, ਕਿਰਨ ਕੁਮਾਰ, ਜਸਬੀਰ ਕੌਰ, ਭਿੰਦਰ ਕੌਰ ਸਵਰਨਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ।
