post

Jasbeer Singh

(Chief Editor)

Punjab

ਐੱਸ. ਐੱਸ. ਪੀ. ਵੱਲੋਂ ਨਵੇਂ ਸਾਲ ਮੌਕੇ ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ

post-img

ਐੱਸ. ਐੱਸ. ਪੀ. ਵੱਲੋਂ ਨਵੇਂ ਸਾਲ ਮੌਕੇ ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਨਵਾਂ ਸਾਲ 2026 ਖ਼ੁਸ਼ਹਾਲੀ, ਸਿਹਤ ਅਤੇ ਅਮਨ-ਸ਼ਾਂਤੀ ਦਾ ਪ੍ਰਤੀਕ ਬਣੇ- ਗਗਨ ਅਜੀਤ ਸਿੰਘ ਮਾਲੇਰਕੋਟਲਾ ਨੂੰ “ਨਸ਼ਾ ਅਤੇ ਅਪਰਾਧ ਮੁਕਤ” ਬਣਾਉਣਾ ਪੁਲਿਸ ਪ੍ਰਸ਼ਾਸਨ ਅਤੇ ਆਮ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਮਾਲੇਰਕੋਟਲਾ, 15 ਜਨਵਰੀ 2026 : ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਵੱਲੋਂ ਨਵੇਂ ਸਾਲ ਦੇ ਮੌਕੇ ਪੱਤਰਕਾਰ ਭਾਈਚਾਰੇ ਨਾਲ ਇਕ ਸੌਹਰਦਪੂਰਨ ਮੁਲਾਕਾਤ ਦੌਰਾਨ ਜ਼ਿਲ੍ਹਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਦਿਲੋਂ ਵਧਾਈਆਂ ਦਿੰਦਿਆਂ ਕਿਹਾ ਗਿਆ ਕਿ ਉਹ ਦੂਆ ਕਰਦੇ ਹਨ ਕਿ ਸਾਲ 2026 ਹਰ ਵਰਗ ਲਈ ਖ਼ੁਸ਼ਹਾਲੀ, ਚੰਗੀ ਸਿਹਤ, ਤਰੱਕੀ ਅਤੇ ਅਮਨ-ਸ਼ਾਂਤੀ ਦਾ ਸੁਨੇਹਾ ਲੈ ਕੇ ਆਵੇ । ਐੱਸ. ਐੱਸ. ਪੀ. ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਮੁੱਖ ਟੀਚਾ ਨਵੇਂ ਸਾਲ ਵਿੱਚ ਮਾਲੇਰਕੋਟਲਾ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਅਦਾਲਤਾਂ, ਪ੍ਰਸ਼ਾਸਨ, ਪੁਲਿਸ ਅਤੇ ਆਮ ਜਨਤਾ ਦੀ ਸਾਂਝੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਪੁਲਿਸ ਦੀ ਨਹੀਂ, ਸਗੋਂ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਗਗਨ ਅਜੀਤ ਸਿੰਘ ਨੇ ਪੱਤਰਕਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਨਸ਼ਾ ਤਸਕਰੀ, ਗੈਰਕਾਨੂੰਨੀ ਗਤੀਵਿਧੀਆਂ ਜਾਂ ਸਮਾਜ ਵਿਰੋਧੀ ਤੱਤਾਂ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਬਿਨਾਂ ਕਿਸੇ ਡਰ ਉਸਨੂੰ ਤੁਰੰਤ ਪੁਲਿਸ ਨਾਲ ਸਾਂਝਾ ਕੀਤਾ ਜਾਵੇ। ਉਨ੍ਹਾਂ ਯਕੀਨ ਦਵਾਇਆ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ । ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੀ ਪਹਿਚਾਣ ਸਦੀਆਂ ਤੋਂ ਭਾਈਚਾਰਕ ਸਾਂਝ, ਫ਼ਿਰਕੂ ਸਦਭਾਵਨਾ ਅਤੇ ਆਪਸੀ ਭਰੋਸੇ ਦੀ ਮਿਸਾਲ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਇਸ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੁਹਰਾਇਆ ਕਿ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ, ਟ੍ਰੈਫਿਕ ਪ੍ਰਬੰਧ ਸੁਧਾਰਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਿਸ਼ੇਸ਼ ਯੋਜਨਾਬੱਧ ਉਪਰਾਲੇ ਕੀਤੇ ਜਾ ਰਹੇ ਹਨ । ਐੱਸ. ਐੱਸ. ਪੀ. ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਨਵੇਂ ਸਾਲ ਨੂੰ ਇੱਕ ਨਵੀਂ ਸ਼ੁਰੂਆਤ ਬਣਾਉਂਦੇ ਹੋਏ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਚ ਸਾਥ ਦਿੱਤਾ ਜਾਵੇ, ਤਾਂ ਜੋ “ਨਸ਼ਾ ਮੁਕਤ ਮਾਲੇਰਕੋਟਲਾ”ਦਾ ਸੁਪਨਾ ਹਕੀਕਤ ਬਣ ਸਕੇ । ਇਸ ਮੌਕੇ ਐਸ.ਪੀ (ਡੀ) ਸੱਤਪਾਲ ਸ਼ਰਮਾ, ਐਸ.ਪੀ (ਪੀ.ਬੀ.ਆਈ) ਰਾਜਵਿੰਦਰ ਸਿੰਘ, ਰੀਡਰ ਸਈਅਦ ਸ਼ਕੀਲ ਅਤੇ ਸੋਸ਼ਲ ਮੀਡੀਆ ਸੈਲ ਤੋਂ ਪ੍ਰਭਜੋਤ ਸਿੰਘ ਵੀ ਹਾਜ਼ਰ ਸਨ ।

Related Post

Instagram