ਪਾਕਿਸਤਾਨ ਗਈ ਸਰਬਜੀਤ ਕੌਰ ਦੀ ਭਾਰਤ ਵਾਪਸੀ ਟੱਲੀ ਇਸਲਾਮਾਬਾਦ, 13 ਜਨਵਰੀ 2026 : ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੱਥੇ ਨਾਲ ਪਾਕਿਸਤਾਨ ਵਿੱਚ ਗੁਰੂਧਾਮਾਂ ਦੇ ਦਰਸ਼ਨਾਂ ਲਈ ਗਈ ਕਪੂਰਥਲਾ ਦੀ ਵਸਨੀਕ ਸਰਬਜੀਤ ਕੌਰ ਦੀ ਭਾਰਤ ਵਾਪਸੀ ਹਾਲ ਘੀ ਘੜੀ ਟਲ ਗਈ ਹੈ । ਕੀ ਕਾਰਨ ਰਿਹਾ ਸਰਬਜੀਤ ਕੌਰ ਦੀ ਵਾਪਸੀ ਟਲਨ ਦਾ ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀ ਸਰਕਾਰ ਨੇ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਬਜਾਏ ਉਸ ਦੀ ਵੀਜ਼ਾ ਮਿਆਦ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ । ਜਿਸ ਕਾਰਨ ਹਾਲ ਦੀ ਘੜੀ ਭਾਰਤ ਵਾਪਸੀ ਟੱਲ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸਲਾਮ ਧਰਮ ਕਬੂਲ ਕਰਨ ਤੋਂ ਬਾਅਦ ਉਸ ਨੇ ਆਪਣਾ ਨਾਮ ਨੂਰ ਫਾਤਿਮਾ ਹੁਸੈਨ ਰੱਖ ਲਿਆ ਹੈ । ਕਿਸ ਨੇ ਦਿੱਤੀ ਸਰਬਜੀਤ ਦੀ ਵੀਜ਼ਾ ਮਿਆਦ ਵਧਾਉਣ ਨੂੰ ਝੰਡੀ ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਮੁਹੰਮਦ ਤਲਾਲ ਚੌਧਰੀ ਨੇ ਸਰਬਜੀਤ ਨੂੰ ਦੇਸ਼ ਨਿਕਾਲਾ ਨਾ ਦੇਣ ਅਤੇ ਵੀਜ਼ਾ ਵਧਾਉਣ ਦੀ ਅਪੀਲ ਨੂੰ ਹਰੀ ਝੰਡੀ ਦੇ ਦਿੱਤੀ ਹੈ । ਇਸ ਨਾਲ ਹੀ ਲਾਹੌਰ ਦੀ ਅਦਾਲਤ ਵਿੱਚ ਮਾਮਲਾ ਵਿਚਾਰ ਅਧੀਨ ਹੋਣ ਕਾਰਨ ਉਸ ਦੀ ਤੁਰੰਤ ਵਾਪਸੀ 'ਤੇ ਰੋਕ ਲੱਗ ਗਈ ਹੈ । ਸਰਬਜੀਤ ਕੌਰ ਫਿਲਹਾਲ ਲਾਹੌਰ ਵਿੱਚ ਸਥਿਤ ਔਰਤਾਂ ਦੇ ਸ਼ੈਲਟਰ ਹੋਮ ਦਾਰ-ਉਲ-ਅਮਨ ਵਿੱਚ ਰਹਿ ਰਹੀ ਹੈ, ਜਿੱਥੇ ਉਸ ਦੀ ਲਗਾਤਾਰ ਸਿਹਤ ਜਾਂਚ ਕੀਤੀ ਜਾ ਰਹੀ ਹੈ । ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਉਸ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਗਿਆ ਹੈ । ਸਰਬਜੀਤ ਦੇ ਐਡਵੋਕੇਟ ਨੇ ਦਿੱਤੀ ਜਾਣਕਾਰੀ ਸਰਬਜੀਤ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਨੇ ਦੱਸਿਆ ਕਿ ਲਾਹੌਰ ਹਾਈਕੋਰਟ ਵਿੱਚ ਮਾਮਲਾ ਪੈਂਡਿੰਗ ਹੋਣ ਕਾਰਨ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਭਾਰਤ ਵਾਪਸੀ ਲਈ ਜ਼ਰੂਰੀ ਐਗਜ਼ਿਟ ਪਰਮਿਟ ਜਾਰੀ ਕਰਨ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ । ਉਧਰ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੀ ਨਜ਼ਰ ਇਸ ਮਾਮਲੇ 'ਤੇ ਬਣੀ ਹੋਈ ਹੈ । ਐੱਸ. ਜੀ. ਪੀ. ਸੀ. ਨੇ ਵੀ ਕੇਂਦਰ ਸਰਕਾਰ ਤੋਂ ਰਾਜਨੀਤਿਕ ਦਖਲ ਦੀ ਅਪੀਲ ਕੀਤੀ ਹੈ ।
