post

Jasbeer Singh

(Chief Editor)

Patiala News

ਸੀਨੀਅਰ ਸਿਟੀਜਨ ਸਮਾਜਿਕ ਕਦਰਾਂ ਕੀਮਤਾਂ ਦੀ ਖ਼ਜਾਨਾ ਹੁੰਦੇ ਹਨ

post-img

ਸੀਨੀਅਰ ਸਿਟੀਜਨ ਸਮਾਜਿਕ ਕਦਰਾਂ ਕੀਮਤਾਂ ਦੀ ਖ਼ਜਾਨਾ ਹੁੰਦੇ ਹਨ ਪਟਿਆਲਾ: 11 ਜੂਨ 2025: ਸੀਨੀਅਰ ਸਿਟੀਜਨਜ਼ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਖ਼ਜਾਨਾ ਹੁੰਦੇ ਹਨ। ਉਨ੍ਹਾਂ ਦੇ ਇਸ ਖ਼ਜਾਨੇ ਦਾ ਨੌਜਵਾਨ ਪੀੜ੍ਹੀ ਨੂੰ ਸਦਉਪਯੋਗ ਕਰਨਾ ਚਾਹੀਦਾ ਹੈ। ਬਜ਼ੁਰਗਾਂ ਨੂੰ ਮਾਰਗ ਦਰਸ਼ਕ ਬਣਾਕੇ ਸਮਾਜ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਦਾ ਜ਼ਿੰਦਗੀ ਦਾ ਵਿਸ਼ਾਲ ਤਜ਼ਰਬਾ ਹੁੰਦਾ ਹੈ। ਬਜ਼ੁਰਗਾਂ ਦੀ ਅਣਗਹਿਲੀ ਸਮਾਜ ਦੇ ਭਵਿਖ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਲੋਕ ਸੰਪਰਕ ਵਿਭਾਗ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾ ਦੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਯੋਜਤ ਮਹੀਨਾਵਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਮਰਜੀਤ ਸਿੰਘ ਵੜੈਚ ਨੇ ਕੀਤਾ। ਉਨ੍ਹਾਂ ਅੱਗੋਂ ਕਿਹਾ ਕਿ ਲੋਕ ਸੰਪਰਕ ਵਿਭਾਗ ਦੇ ਸੀਨੀਅਰ ਸਿਟੀਜਨਜ਼ ਨੂੰ ਆਪਣੇ ਤਜ਼ਰਬੇ ਦੇ ਆਧਾਰ ‘ਤੇ ਖੱਟੀਆਂ ਮਿੱਠੀਆਂ ਯਾਦਾਂ ਲਿਖਣੀਆਂ ਚਾਹੀਦੀਆਂ ਹਨ, ਉਨ੍ਹਾਂ ਯਾਦਾਂ ਨੂੰ ਪੁਸਤਕ ਦਾ ਰੂਪ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਸਮਾਜ ਨੂੰ ਅਗਵਾਈ ਦਿੱਤੀ ਜਾ ਸਕੇ। ਵਿਚਾਰ ਚਰਚਾ ਤੋਂ ਬਾਅਦ ਪੁਸਤਕ ਪ੍ਰਕਾਸ਼ਤ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਨਰਾਤਾ ਸਿੰਘ ਸਿੱਧੂ, ਸ਼ਾਮ ਸੁੰਦਰ, ਵਜ਼ੀਰ ਸਿੰਘ ਅਤੇ ਉਜਾਗਰ ਸਿੰਘ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਜ਼ੁਰਗਾਂ ਨੂੰ ਗਰਮੀ ਅਤੇ ਲੂਅ ਤੋਂ ਬਚਣ ਲਈ ਦੁਪਹਿਰ ਦੇ ਸਮੇਂ ਘਰੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਖਾਣ ਪੀਣ ਦਾ ਧਿਆਨ ਰੱਖਣਾ ਜ਼ਰੂਰੀ ਹੈ। ਵਾਰ-ਵਾਰ ਪਾਣੀ ਪੀਣਾ ਚਾਹੀਦਾ ਹੈ। ਪਾਣੀ ਦੀ ਘਾਟ ਕਈ ਵਾਰ ਬਿਮਾਰੀ ਦਾ ਕਾਰਨ ਬਣਦੀ ਹੈ। ਉਨ੍ਹਾਂ ਨੂੰ ਹਰ ਰੋਜ਼ ਸੈਰ ਵੀ ਸਵੇਰੇ 7 ਵਜੇ ਤੋਂ ਪਹਿਲਾਂ ਅਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ। ਨਿੰਬੂ ਪਾਣੀ ਦੀ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ। ਮੀਟਿੰਗ ਵਿੱਚ ਸੁਰਜੀਤ ਸਿੰਘ ਸੈਣੀ ਪ੍ਰਧਾਨ ਐਸੋਸੀਏਸ਼ਨ, ਕੁਲਜੀਤ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਪਰਮਜੀਤ ਕੌਰ ਸੋਢੀ, ਸ਼ਾਮ ਸੁੰਦਰ, ਨਰਾਤਾ ਸਿੰਘ ਸਿੱਧੂ, ਨਵਲ ਕਿਸ਼ੋਰ, ਪਰਮਜੀਤ ਸਿੰਘ ਸੇਠੀ, ਗੁਰਪ੍ਰਤਾਪ ਸਿੰਘ ਜੀ.ਪੀ., ਬਿਮਲ ਕੁਮਾਰ ਚਕੋਤਰਾ, ਵਜ਼ੀਰ ਸਿੰਘ ਅਤੇ ਜੀ.ਆਰ.ਕੁਮਰਾ ਸ਼ਾਮਲ ਹੋਏ। ਇਸ ਮੌਕੇ ‘ਤੇ ਵਜ਼ੀਰ ਸਿੰਘ ਅਤੇ ਉਜਾਗਰ ਸਿੰਘ ਦੇ ਜਨਮ ਦਿਨ ਕੇਕ ਕੱਟਕੇ ਮਨਾਏ ਗਏ। ਮੀਟਿੰਗ ਦੇ ਪ੍ਰਧਾਨ ਅਮਰਜੀਤ ਸਿੰਘ ਵੜੈਚ ਅਤੇ ਸਮੂਹ ਮੈਂਬਰਾਂ ਵੱਲੋਂ ਚੰਗੀ ਸਿਹਤ ਤੇ ਲੰਬੀ ਉਮਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਸਰਬਜੀਤ ਕੌਰ ਦੀ ਮਾਤਾ ਸਰਦਾਰਨੀ ਜੋਗਿੰਦਰ ਕੌਰ ਸੋਢੀ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਿਆ ਗਿਆ।

Related Post