go to login
post

Jasbeer Singh

(Chief Editor)

Sports

ਮਲੇਸ਼ੀਆ ਮਾਸਟਰਜ਼ ’ਚ ਸਿੰਧੂ ਖਿਤਾਬ ਤੋਂ ਖੁੰਝੀ

post-img

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਦੇ ਫਾਈਨਲ ਵਿੱਚ ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰਨ ਚੀਨ ਦੀ ਵੈਂਗ ਜ਼ੀ ਯੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ 79 ਮਿੰਟ ਤੱਕ ਚੱਲੇ ਮੁਕਾਬਲੇ ਦੀ ਫੈਸਲਾਕੁਨ ਗੇਮ ’ਚ 11-3 ਦੀ ਵੱਡੀ ਲੀਡ ਲੈਣ ਦੇ ਬਾਵਜੂਦ 21-16, 5-21, 16-21 ਨਾਲ ਹਾਰ ਗਈ। ਵਾਂਗ ਨੇ ਸ਼ਾਨਦਾਰ ਵਾਪਸੀ ਕਰਦਿਆਂ ਆਖਰੀ 23 ’ਚੋਂ 18 ਅੰਕ ਜਿੱਤ ਕੇ ਖਿਤਾਬ ਆਪਣੇ ਨਾਮ ਕੀਤਾ। ਪੰਜਵਾਂ ਦਰਜਾ ਪ੍ਰਾਪਤ ਸਿੰਧੂ ਜੇ ਚੈਂਪੀਅਨ ਬਣ ਜਾਂਦੀ ਤਾਂ ਸੋਨੇ ’ਤੇ ਸੁਹਾਗਾ ਹੁੰਦਾ ਪਰ ਫਾਈਨਲ ਤੱਕ ਦੇ ਸਫਰ ’ਚ ਇਸ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਪੈਰਿਸ ਓਲੰਪਿਕ ਤੋਂ ਪਹਿਲਾਂ ਉਸ ਦਾ ਆਤਮਵਿਸ਼ਵਾਸ ਕਾਫੀ ਵਧੇਗਾ। ਇੱਕ ਸਾਲ ਤੋਂ ਵੱਧ ਸਮੇਂ ਵਿੱਚ ਬੀਡਬਲਿਊਐੱਫ ਟੂਰ ’ਤੇ ਇਹ ਉਸ ਦਾ ਪਹਿਲਾ ਫਾਈਨਲ ਸੀ। ਸਿੰਧੂ ਮੌਜੂਦਾ ਏਸ਼ਿਆਈ ਚੈਂਪੀਅਨ ਵੈਂਗ ਖ਼ਿਲਾਫ਼ ਮੈਚ ਦੌਰਾਨ ਜ਼ਿਆਦਾਤਰ ਸਮਾਂ ਦਬਦਬਾ ਬਣਾਉਣ ਵਿੱਚ ਕਾਮਯਾਬ ਰਹੀ ਪਰ ਫੈਸਲਾਕੁਨ ਮੈਚ ਵਿੱਚ ਬ੍ਰੇਕ ਤੋਂ ਬਾਅਦ ਉਹ ਲੈਅ ਗੁਆ ਬੈਠੀ ਅਤੇ ਵੈਂਗ ਨੇ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ। ਦਿਲਚਸਪ ਗੱਲ ਇਹ ਹੈ ਕਿ ਸਿੰਧੂ ਨੇ ਸਿੰਗਾਪੁਰ ਓਪਨ ’ਚ ਆਪਣਾ ਪਿਛਲਾ ਫਾਈਨਲ ਵੈਂਗ ਦੇ ਖ਼ਿਲਾਫ਼ ਹੀ ਜਿੱਤਿਆ ਸੀ। ਹਾਲਾਂਕਿ ਉਹ ਪਿਛਲੇ ਸਾਲ ਆਰਕਟਿਕ ਓਪਨ ’ਚ ਵੈਂਗ ਤੋਂ ਹਾਰ ਗਈ ਸੀ ਪਰ ਉਸ ਨੇ ਚੀਨੀ ਖਿਡਾਰਨ ਨੂੰ ਪਿਛਲੇ ਤਿੰਨ ਮੈਚਾਂ ’ਚ ਦੋ ਵਾਰ ਹਰਾਇਆ ਸੀ। ਸਿੰਧੂ ਪਿਛਲੇ ਕਾਫੀ ਸਮੇਂ ਤੋਂ ਕੈਰੋਲੀਨਾ ਮਾਰਿਨ, ਤਾਈ ਜ਼ੂ ਯਿੰਗ, ਚੇਨ ਯੂ ਫੇਈ ਤੇ ਅਕਾਨੇ ਯਾਮਾਗੁਚੀ ਵਰਗੀਆਂ ਵੱਡੀਆਂ ਖਿਡਾਰਨਾਂ ਨੂੰ ਹਰਾਉਣ ’ਚ ਨਾਕਾਮ ਰਹੀ ਹੈ ਅਤੇ ਪੈਰਿਸ ਓਲੰਪਿਕ ’ਚ ਉਸ ਨੂੰ ਇਨ੍ਹਾਂ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Related Post