

ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਦੁਨੀਆ ਦੀ ਅੱਵਲ ਦਰਜਾ ਪੁਰਸ਼ ਜੋੜੀ ਨੂੰ ਅੱਜ ਇੱਥੇ ਸਿੰਗਾਪੁਰ ਓਪਨ ਬੈਡਮਿੰਟਨ ਦੇ ਸ਼ੁਰੂਆਤੀ ਗੇੜ ਵਿੱਚ ਡੈਨਮਾਰਕ ਦੇ ਡੈਨੀਅਲ ਲੁੰਡਗਾਰਡ ਅਤੇ ਮੈਡਸ ਵੇਸਟਰਗਾਰਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪੈਰਿਸ ਓਲੰਪਿਕ ’ਚ ਸੋਨ ਤਗ਼ਮਾ ਜਿੱਤਣ ਦੇ ਮਜ਼ਬੂਤ ਦਾਅਵੇਦਾਰਾਂ ’ਚੋਂ ਇਕ ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਇਸ ਮਹੀਨੇ ਦੇ ਸ਼ੁਰੂ ’ਚ ਥਾਈਲੈਂਡ ਓਪਨ ਸੁਪਰ 500 ਦਾ ਖਿਤਾਬ ਜਿੱਤਿਆ ਸੀ ਪਰ ਅੱਜ ਵਿਸ਼ਵ ਰੈਂਕਿੰਗ ’ਚ 34ਵੇਂ ਸਥਾਨ ਦੀ ਜੋੜੀ ਤੋਂ 20-22, 18-21 ਨਾਲ ਹਾਰ ਗਈ। ਆਕਰਸ਼ੀ ਕਸ਼ਯਪ ਤੇ ਪ੍ਰਿਯਾਂਸ਼ੂ ਰਾਜਾਵਤ ਵੀ ਆਪੋ-ਆਪਣੇ ਵਰਗਾਂ ਵਿੱਚ ਪਹਿਲੇ ਗੇੜ ’ਚੋਂ ਬਾਹਰ ਹੋ ਗਏ। ਇਸੇ ਤਰ੍ਹਾਂ ਰੁਤੂਪਰਨਾ ਪਾਂਡਾ ਅਤੇ ਸਵੇਤਾਪਰਨਾ ਪਾਂਡਾ ਦੀ ਮਹਿਲਾ ਡਬਲਜ਼ ਜੋੜੀ ਵੀ ਚੀਨੀ ਤਾਇਪੇ ਦੀ ਚਾਂਗ ਚਿੰਗ ਹੁਈ ਅਤੇ ਯਾਂਗ ਚਿੰਗ ਤੁਨ ਦੀ ਜੋੜੀ ਤੋਂ 12-21, 21-12, 13-21 ਨਾਲ ਹਾਰ ਗਈ।