

ਸਮਾਜਿਕ ਸੁਰੱਖਿਆ ਵਿਭਾਗ ਨੇ ਕਰਵਾਈ ਸਪੋਰਟਸ ਮੀਟ -ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਜ਼ਰੂਰੀ : ਡਾ. ਪ੍ਰੀਤੀ ਯਾਦਵ ਪਟਿਆਲਾ, 28 ਅਕਤੂਬਰ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚ ਸਥਿਤ ਜੇ.ਜੇ.ਐਕਟ ਅਧੀਨ ਰਜਿਸਟਰਡ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵਿਖੇ ਰਹਿ ਰਹੇ ਬੱਚਿਆਂ ਲਈ ਦੋ ਦਿਨਾਂ ਸਪੋਰਟਸ ਮੀਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸ਼ਾਮਲ ਹੋਏ । ਇਸ ਮੌਕੇ ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਸਰਵ ਪੱਖੀ ਵਿਕਾਸ ਲਈ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਜੋ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਦਦ ਕੀਤੀ ਜਾ ਸਕਦੀ ਹੈ ਉਹ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਰਵਾਈ ਸਪੋਰਟਸ ਮੀਟ ਇੱਕ ਸ਼ਲਾਘਾਯੋਗ ਉਪਰਾਲਾ ਹੈ, ਜੋ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦੇ ਰਿਹਾ ਹੈ । ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਾਇਨਾ ਕਪੂਰ ਨੇ ਕਰਵਾਈ ਸਪੋਰਟਸ ਮੀਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਦੇ ਆਦੇਸ਼ ਅਧੀਨ ਕਰਵਾਈ ਸਪੋਰਟਸ ਮੀਟ ਦੌਰਾਨ ਬੱਚਿਆਂ ਵੱਲੋਂ ਵੱਖ-ਵੱਖ ਆਊਟਡੋਰ ਅਤੇ ਇੰਨਡੋਰ ਗਤੀਵਿਧੀਆਂ ਜਿਸ ਵਿੱਚ ਐਥਲੈਟਿਕਸ, ਰਿਲੇ ਰੇਸ, ਲੋਗ ਜੰਪ, ਟੱਗ ਆਫ਼ ਵਾਰ, ਬੈਡਮਿੰਟਨ, ਪੇਂਟਿੰਗ, ਸਲੋਗਨ, ਕੋਲਾਜ, ਡਿਬੇਟ, ਲੇਖ, ਰੰਗੋਲੀ ਆਦਿ ਵਿੱਚ ਭਾਗ ਲਿਆ ਗਿਆ। ਸੰਸਥਾਵਾਂ ਦੇ ਸਾਰੇ ਬੱਚਿਆਂ ਦੁਆਰਾ ਬਹੁਤ ਹੀ ਉਤਸ਼ਾਹ ਨਾਲ ਇਹਨਾਂ ਖੇਡਾਂ ਵਿੱਚ ਭਾਗ ਲਿਆ ਗਿਆ ਅਤੇ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ । ਜ਼ਿਕਰਯੋਗ ਹੈ ਕਿ ਇਹਨਾਂ ਬੱਚਿਆ ਦੀ ਪ੍ਰੈਕਟਿਸ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਅਤੇ ਉਹਨਾਂ ਦੀਆ ਟੀਮਾਂ ਦੁਆਰਾ ਲਗਾਤਾਰ ਬੱਚਿਆ ਨੂੰ ਪ੍ਰੈਕਟਿਸ ਕਰਵਾਈ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਜੇਤੂ ਹੋਏ ਬੱਚਿਆਂ ਵੱਲੋਂ ਜ਼ੋਨਲ ਅਤੇ ਸਟੇਟ ਲੈਵਲ ਤੇ ਵੀ ਭਾਗ ਲਿਆ ਜਾਵੇਗਾ । ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਲਈ ਆਰ.ਟੀ.ਓ ਨਮਨ ਮਾਰਕੰਨ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ ਵੀ ਮੌਜੂਦ ਸਨ ।