ਸੁਭਾਸ਼ ਚੰਦਰ ਬੋਸ ਹਾਊਸ ਨੇ ਜਿੱਤੀ ਓਵਰਆਲ ਟਰਾਫੀ -ਸਲਾਨਾ ਅਥਲੈਟਿਕਸ ਮੀਟ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ - ਜਿਲਾ ਸਿੱਖਿਆ ਅਫਸਰ ਮੁੱਖ ਮਹਿਮਾਨ ਵਜੋਂ ਪਹੁੰਚੇ ਪਟਿਆਲਾ,13 ਫਰਵਰੀ 2026 : ਸ਼ਹਿਰ ਦੇ ਨਾਮਵਰ ਵਿੱਦਿਅਕ ਅਦਾਰੇ ਪੀ. ਐਮ. ਸ੍ਰੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਪ੍ਰਿੰਸੀਪਲ ਮੈਡਮ ਵਿਜੇ ਕਪੂਰ ਦੀ ਅਗਵਾਈ ਹੇਠ ਸਲਾਨਾ ਅਥਲੈਟਿਕਸ ਮੀਟ ਅਤੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ । ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲਾ ਸਿੱਖਿਆ ਅਧਿਕਾਰੀ (ਸੈ. ਸਿੱ.) ਪਟਿਆਲਾ ਸੰਜੀਵ ਸ਼ਰਮਾ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ.ਸਿੱ.) ਡਾ. ਰਵਿੰਦਰ ਪਾਲ ਸ਼ਰਮਾ, ਬਲਾਕ ਪਟਿਆਲਾ-2 ਦੇ ਬੀ. ਪੀ. ਈ. ਓ. ਪ੍ਰਿਥੀ ਸਿੰਘ, ਅਲੂਮਨੀ ਅਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ, ਸਾਬਕਾ ਪ੍ਰਿੰਸੀਪਲ ਨੈਸ਼ਨਲ ਅਵਾਰਡੀ ਤੋਤਾ ਸਿੰਘ ਚਹਿਲ, ਇੰਜੀਨੀਅਰ ਕੁਲਵੀਰ ਸਿੰਘ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਇੰਜੀ. ਅਮਰਜੀਤ ਸਿੰਘ ਨੇ ਸ਼ਿਰਕਤ ਕੀਤੀ। ਉਕਤ ਮਹਿਮਾਨਾਂ ਵੱਲੋਂ ਰਸਮੀ ਤੌਰ 'ਤੇ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ । ਸਮਾਰੋਹ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਖੇਡ ਮੁਕਾਬਲੇ ਬਹੁਤ ਹੀ ਦਿਲਖਿੱਚਵੇਂ ਅਤੇ ਫਸਵੇਂ ਸਨ । ਸਮਾਰੋਹ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੀਵ ਸ਼ਰਮਾ ਨੇ ਕਿਹਾ ਕਿ ਖੇਡਾਂ ਦੀ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਤਾ ਹੈ । ਖੇਡਾਂ ਨਾਲ ਵਿਦਿਆਰਥੀਆਂ ਅੰਦਰ ਸਹਿਣਸ਼ੀਲਤਾ ਦੀ ਭਾਵਨਾ ਵਿਕਸਿਤ ਹੁੰਦੀ ਹੈ । ਉਹਨਾਂ ਅੱਗੇ ਕਿਹਾ ਕਿ ਮਲਟੀਪਰਪਜ਼ ਸਕੂਲ ਖੇਡਾਂ ਦੇ ਖੇਤਰ ਵਿੱਚ ਹਮੇਸ਼ਾ ਹੀ ਵੱਡੀਆਂ ਪੁਲਾਂਘਾਂ ਪੁੱਟਦਾ ਰਿਹਾ ਹੈ । ਇਥੋਂ ਦੇ ਵਿਦਿਆਰਥੀ ਦੇ ਖਿਡਾਰੀ ਸਟੇਟ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਪੰਜਾਬ ਸਮੇਤ ਭਾਰਤ ਦਾ ਨਾਮ ਚਮਕਾਅ ਰਹੇ ਹਨ । ਉਹਨਾਂ ਕਿਹਾ ਕਿ ਮੌਜੂਦਾ ਸਮੇਂ ਸਰਕਾਰੀ ਮਲਟੀਪਰਪਜ਼ ਸਕੂਲ ਚੰਗੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਹੱਬ ਵਜੋਂ ਵੀ ਜਾਣਿਆ ਜਾਣ ਲੱਗਾ ਹੈ । ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਪ੍ਰਿੰਸੀਪਲ ਮੈਡਮ ਵਿਜੇ ਕਪੂਰ ਨੇ ਆਏ ਹੋਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸਰਕਾਰੀ ਮਲਟੀਪਰਪਜ਼ ਸਕੂਲ ਇੱਕ ਵੱਡਾ ਨਾਮ ਬਣ ਚੁੱਕਾ ਹੈ ਜਿੱਥੇ ਦਾਖਲਾ ਲੈਣ ਲਈ ਸਿਰਫ ਪਟਿਆਲੇ ਵਿੱਚੋਂ ਹੀ ਨਹੀਂ ਬਲਕਿ ਹੋਰਨਾ ਵੱਖ-ਵੱਖ ਜਿਲਿਆਂ ਵਿੱਚੋਂ ਵੀ ਵਿਦਿਆਰਥੀ ਆ ਰਹੇ ਹਨ। ਉਹਨਾਂ ਕਿਹਾ ਕਿ ਇਹ ਮਲਟੀਪਰਪਜ਼ ਸਕੂਲ ਦੇ ਸਮੁੱਚੇ ਸਟਾਫ ਦੀ ਮਿਹਨਤ ਸਦਕਾ ਹੋਇਆ ਹੈ । ਇਸ ਦੌਰਾਨ ਪੜ੍ਹਾਈ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵੱਖ-ਵੱਖ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਓਵਰ ਆਲ ਟਰਾਫੀ ਸੁਭਾਸ਼ ਚੰਦਰ ਬੋਸ ਹਾਊਸ ਨੇ ਜਿੱਤੀ । ਇਸ ਸਲਾਨਾ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਗੀਤ, ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਦਿੱਤੀ ਗਈ। ਅਖੀਰ ਵਿੱਚ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਲਾਨਾ ਸਮਾਰੋਹ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਸਕੂਲ ਦੇ ਸਰੀਰਕ ਸਿੱਖਿਆ ਵਿਭਾਗ ਦੇ ਲੈਕਚਰਾਰ ਅਤੇ ਅਧਿਆਪਕਾਂ ਸਮੇਤ ਸਮੂਹ ਸਕੂਲ ਸਟਾਫ ਨੇ ਤਨਦੇਹੀ ਨਾਲ ਡਿਊਟੀ ਨਿਭਾਈ। ਇਸ ਮੌਕੇ ਸਕੂਲ ਦੇ ਸਾਬਕਾ ਪ੍ਰਿੰਸੀਪਲ ਅਤੇ ਲੈਕਚਰਾਰ ਨੇ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਈ ।
