ਸੁਖਬੀਰ ਬਾਦਲ ਨੇ ਚੰਡੀਗੜ੍ਹ ਅਦਾਲਤ ਵਿਚ ਪੇਸ਼ ਨਾ ਹੋਣ ਲਈ ਕੀਤਾ ਅਦਾਲਤ ਨੂੰ ਸੂਚਿਤ
- by Jasbeer Singh
- April 23, 2026
ਸੁਖਬੀਰ ਬਾਦਲ ਨੇ ਚੰਡੀਗੜ੍ਹ ਅਦਾਲਤ ਵਿਚ ਪੇਸ਼ ਨਾ ਹੋਣ ਲਈ ਕੀਤਾ ਅਦਾਲਤ ਨੂੰ ਸੂਚਿਤ ਚੰਡੀਗੜ੍ਹ, 23 ਅਪ੍ਰੈਲ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਜਿ਼ਲਾ ਅਦਾਲਤ ਵਿਚ ਅੱਜ ਪੇਸ਼ ਨਾ ਹੋਣ ਬਾਰੇ ਸੁਖਬੀਰ ਸਿੰਘ ਬਾਦਲ ਨੇ ਮਾਨਯੋਗ ਅਦਾਲਤ ਨੂੰ ਸੂਚਿਤ ਕੀਤਾ ਹੈ। ਕਿਸ ਮਾਮਲੇ ਵਿਚ ਪੇਸ਼ ਹੋਣ ਸੀ ਸੁਖਬੀਰ ਬਾਦਲ ਨੇ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਫੇਰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਨਹੀਂ ਹੋਣਗੇ। ਉਨ੍ਹਾਂ ਦੇ ਵਕੀਲ ਵੱਲੋਂ ਅਦਾਲਤ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੁਖਬੀਰ ਬਾਦਲ ਕਿਸੇ ਨਿੱਜੀ ਰੁੱਝੇਵੇਂ ਕਾਰਨ ਅੱਜ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕਦੇ, ਜਿਸ ਕਾਰਨ ਉਹ ਅੱਜ ਹਾਜ਼ਰੀ ਤੋਂ ਛੋਟ ਲੈਣਗੇ । ਜਿ਼ਕਰਯੋਗ ਹੈ ਕਿ ਪਿਛਲੀਆਂ ਕੁਝ ਸੁਣਵਾਈਆਂ ਦੌਰਾਨ ਵੀ ਬਾਦਲ ਅਦਾਲਤ ਤੋਂ ਹਾਜ਼ਰੀ ਦੀ ਛੋਟ ਲੈਂਦੇ ਆ ਰਹੇ ਹਨ। ਇਹ ਮਾਮਲਾ ਸਾਲ 2017 ਦਾ ਹੈ, ਜਦੋਂ ਧਾਰਮਿਕ ਜਥੇਬੰਦੀ `ਅਖੰਡ ਕੀਰਤਨੀ ਜਥਾ` ਦੇ ਬੁਲਾਰੇ ਰਾਜਿੰਦਰ ਪਾਲ ਸਿੰਘ ਨੇ ਸੁਖਬੀਰ ਬਾਦਲ ਖਿ਼ਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਕੀ ਬਿਆਨ ਦਿੱਤਾ ਸੀ ਸੁਖਬੀਰ ਬਾਦਲ ਨੇ ਸੁਖਬੀਰ ਬਾਦਲ ਨੇ ਕਥਿਤ ਤੌਰ `ਤੇ ਇਕ ਬਿਆਨ ਜਾਰੀ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਅਖੰਡ ਕੀਰਤਨੀ ਜਥੇ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ `ਬੱਬਰ ਖਾਲਸਾ ਇੰਟਰਨੈਸ਼ਨਲ` ਦਾ "ਸਿਆਸੀ ਚਿਹਰਾ" ਦੱਸਿਆ ਸੀ । ਇਹ ਬਿਆਨ ਸੁਖਬੀਰ ਬਾਦਲ ਵੱਲੋਂ ਉਦੋਂ ਦਿੱਤਾ ਗਿਆ ਸੀ ਜਦੋਂ ਰਾਜਿੰਦਰ ਪਾਲ ਸਿੰਘ ਨੇ ਦਿੱਲੀ ਦੇ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ `ਤੇ ਮੁਲਾਕਾਤ ਕੀਤੀ ਸੀ। ਰਾਜਿੰਦਰ ਪਾਲ ਸਿੰਘ ਨੇ ਦੋਸ਼ ਲਾਇਆ ਸੀ ਕਿ ਬਾਦਲ ਦੇ ਇਸ ਬਿਆਨ ਨਾਲ ਜਥੇਬੰਦੀ ਦਾ ਅਕਸ ਖਰਾਬ ਹੋਇਆ ਹੈ, ਜਿਸ ਤੋਂ ਬਾਅਦ ਜਨਵਰੀ 2017 ਵਿੱਚ ਇਹ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ।
