
ਟੀ. ਬੀ. ਦੀ ਬਿਮਾਰੀ ਹੈ ਇਲਾਜਯੋਗ ਅਤੇ ਰੋਕਥਾਮਯੋਗ : ਡਾ. ਪ੍ਰੀਤੀ ਯਾਦਵ
- by Jasbeer Singh
- March 12, 2025

ਟੀ. ਬੀ. ਦੀ ਬਿਮਾਰੀ ਹੈ ਇਲਾਜਯੋਗ ਅਤੇ ਰੋਕਥਾਮਯੋਗ : ਡਾ. ਪ੍ਰੀਤੀ ਯਾਦਵ ਲੋਕਾਂ ਦੀ ਭਾਗੀਦਾਰੀ ਨਾਲ ਇਸ ਬਿਮਾਰੀ ਨੂੰ ਪਾਈ ਜਾ ਸਕਦੀ ਹੈ ਠੱਲ੍ਹ- ਸ਼ਿਵਦੁਲਾਰ ਸਿੰਘ ਢਿਲੋਂ ਪਟਿਆਲਾ 12 ਮਾਰਚ : ਸਟੇਟ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਅਤੇ ਸਾਬਕਾ ਆਈ. ਏ. ਐਸ. ਸ਼ਿਵਦੁਲਾਰ ਸਿੰਘ ਢਿਲੋਂ ਅਤੇ ਪਟਿਆਲਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਟੀ. ਬੀ. ਹਸਪਤਾਲ ਪਟਿਆਲਾ ਵਿਖੇ ਟੀ. ਬੀ. ਐਸੋਸੀਏਸ਼ਨ ਆਫ ਇੰਡੀਆ ਅਤੇ ਸਟੇਟ ਰੈਡ ਕਰਾਸ ਸੋਸਾਈਟੀਆਂ ਦੇ ਸਹਿਯੋਗ ਨਾਲ 24 ਮਾਰਚ ਵਿਸ਼ਵ ਟੀਬੀ ਦਿਵਸ ਨੂੰ ਸਮਰਪਿਤ ਐਕਸ਼ਨ ਅਗੇਂਸਟ ਸਟਿਗਮਾ ਮੁਹਿੰਮ ਦਾ ਉਦਘਾਟਨ ਕੀਤਾ । ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਹਨਾਂ ਕਿਹਾ ਕਿ ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ ਅਤੇ ਲੋਕਾਂ ਦੀ ਭਾਗੀਦਾਰੀ ਨਾਲ ਇਸ ਬਿਮਾਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ । ਸ਼ਿਵਦੁਲਾਰ ਸਿੰਘ ਢਿਲੋਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਟੀਬੀ ਨਾਲ ਸਬੰਧਤ ਸਟਿਗਮਾ ਅਤੇ ਭਰਮ ਭੁਲੇਖਿਆਂ ਨੂੰ ਦੂਰ ਕਰਨਾ ਹੈ ਅਤੇ ਟੀਬੀ ਬਾਰੇ ਸਹੀ ਜਾਣਕਾਰੀ ਦੇਣਾ ਹੈ । ਉਹਨਾਂ ਕਿਹਾ ਕਿ ਭਾਂਵੇਂ ਇਹ ਲਾਗ ਦੀ ਬਿਮਾਰੀ ਹੈ ਪਰੰਤੂ ਇਸ ਬਿਮਾਰੀ ਦਾ ਇਲਾਜ ਸੰਭਵ ਹੈ ਇਸ ਲਈ ਮਰੀਜ ਨੂੰ ਡਰਨ ਦੀ ਬਜਾਏ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਮਰੀਜ ਦਾ ਇਲਾਜ ਸਮੇਂ ਸਿਰ ਕਰਵਾਇਆ ਜਾਵੇ ਤਾਂ ਜੋ ਇਹ ਬਿਮਾਰੀ ਪੂਰੀ ਤਰਾਂ ਖਤਮ ਹੋ ਸਕੇ । ਡਾ: ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀ ਸਗੋਂ ਇਸ ਦਾ ਪਤਾ ਲਗਦੇ ਹੀ ਛੇਤੀ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਕਿ ਇਹ ਬਿਮਾਰੀ ਕਿਓਰੇਬਲ ਹੈ, ਪ੍ਰੀਵੈਂਟੇਬਲ ਹੈ ਅਤੇ ਟਰੀਟਏਬਲ ਹੈ । ਉਹਨਾਂ ਲੋਕਾਂ ਨੂੰ ਟੀਬੀ ਨਾਲ ਸਬੰਧਤ ਡਰ ਅਤੇ ਭੈੜੇ ਵਿਚਾਰਾਂ ਤੋਂ ਬਚਣ ਦੀ ਅਪੀਲ ਵੀ ਕੀਤੀ । ਉਹਨਾਂ ਹਾਲ ਵਿੱਚ ਮੌਜੂਦ ਸਮੂਹ ਆਸ਼ਾ ਵਰਕਰਜ਼ ਦੀ ਵਧੀਆ ਕੰਮ ਕਰਨ ‘ਤੇ ਉਹਨਾਂ ਦੀ ਸ਼ਲਾਘਾ ਵੀ ਕੀਤੀ । ਡਾ. ਪ੍ਰੀਤੀ ਯਾਦਵ ਨੇ ਟੀ.ਬੀ. ਨੂੰ ਖਤਮ ਕਰਨ ਲਈ ਸਮੂਹਿਕ ਕਾਰਵਾਈ ਤੇ ਜ਼ੋਰ ਦਿੰਦਿਆਂ ਕਿਹਾ ਕਿ ਟੀ.ਬੀ. ਨੂੰ ਖਤਮ ਕਰਨ ਲਈ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ । ਉਹਨਾਂ ਕਿਹਾ ਕਿ ਟੀ.ਬੀ. ਦੇ ਮਰੀਜ਼ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀ ਕੀਤਾ ਜਾਣਾ ਚਾਹੀਦਾ । ਉਹਨਾਂ ਕਿਹਾ ਕਿ ਇਹ ਮੁਹਿੰਮ ਟਿਊਬਰਕਲੋਸਿਸ ਐਸੋਸੀਏਸ਼ਨ ਆਫ਼ ਇੰਡੀਆ ਦੁਆਰਾ ਇਕ ਪਹਿਲਕਦਮੀ ਹੈ ਜਿਸਨੇ ਸਟੇਟ ਰੈਡ ਕਰਾਸ ਸੋਸਾਇਟੀਆਂ ਅਤੇ ਜ਼ਿਲਾ ਰੈਡ ਕਰਾਸ ਸੋਸਾਇਟੀਆਂ ਦੇ ਸਹਿਯੋਗ ਨਾਲ ਸਮਾਜ ਵਿਚੋਂ ਟੀ.ਬੀ. ਨਾਲ ਜੁੜੇ ਕਲੰਕ ਨੂੰ ਖਤਮ ਕਰਨ ਦਾ ਟੀਚਾ ਮਿੱਥਿਆ ਹੈ । ਇਸ ਮੌਕੇ ਡਾ. ਵਿਸ਼ਾਲ ਚੋਪੜਾ ਨੇ ਸੌਂਹ ਚੁਕਾਈ ਕਿ ਅਸੀ ਟੀਬੀ ਦੇ ਮਰੀਜਾਂ ਨਾਲ ਕੋਈ ਭੇਦਭਾਵ ਨਹੀ ਕਰਾਂਗੇ । ਉਹਨਾਂ ਕਿਹਾ ਕਿ ਜੇਕਰ ਟੀਬੀ ਦੀ ਦਵਾਈ ਖਾ ਰਹੇ ਮਰੀਜਾਂ ਨੂੰ ਕੋਈ ਅੱਖਾਂ ਸਬੰਧੀ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਸਾਈਡ ਅਫੈਕਟ ਦਿਖਦਾ ਹੈ ਤਾਂ ਉਹ ਤੁਰੰਤ ਡਾਕਟਰ ਦੀ ਸਲਾਹ ਲੈਣ । ਇਸ ਦੌਰਾਨ ਸਿਵਲ ਸਰਜਨ ਡਾ: ਜਗਪਾਲਇੰਦਰ ਸਿੰਘ, ਜ਼ਿਲ੍ਹਾ ਟੀਬੀ ਅਫਸਰ ਡਾ: ਗੁਰਪ੍ਰੀਤ ਸਿੰਘ, ਜ਼ਿਲ੍ਹੇ ਦੀ ਆਸ਼ਾ ਵਰਵਰਜ਼, ਟੀਬੀ ਦੇ ਮਰੀਜ ਅਤੇ ਉਹਨਾਂ ਦੇ ਰਿਸ਼ਤੇਦਾਰ ਸ਼ਾਮਲ ਸਨ ।