ਛੇਵੇਂ ਨਾਭਾ ਕਬੱਡੀ ਕੱਪ ਦਾ ਹੋਇਆ ਸ਼ਾਨਦਾਰ ਆਗਾਜ਼, ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ ਉਦਘਾਟਨ
- by Jasbeer Singh
- November 16, 2024
ਛੇਵੇਂ ਨਾਭਾ ਕਬੱਡੀ ਕੱਪ ਦਾ ਹੋਇਆ ਸ਼ਾਨਦਾਰ ਆਗਾਜ਼, ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ ਉਦਘਾਟਨ -ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਪੰਜਾਬ ਸਰਕਾਰ ਦੀ ਤਰਜੀਹ : ਤਰੁਨਪ੍ਰੀਤ ਸਿੰਘ ਸੌਂਦ -ਕਿਹਾ, ਆਜ਼ਾਦ ਵੈੱਲਫੇਅਰ ਐਂਡ ਸਪੋਰਟਸ ਕਲੱਬ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਉਪਰਾਲਾ ਸ਼ਲਾਘਾਯੋਗ -ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਜ਼ਰੂਰੀ : ਜੱਸੀ ਸੋਹੀਆਂ ਵਾਲਾ ਨਾਭਾ/ਪਟਿਆਲਾ, 16 ਨਵੰਬਰ : ਰਿਆਸਤੀ ਸ਼ਹਿਰ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਦੇ ਖੇਡ ਸਟੇਡੀਅਮ ਵਿੱਚ ਅੱਜ ਛੇਵੇਂ ਨਾਭਾ ਕਬੱਡੀ ਕੱਪ ਦਾ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਆਜ਼ਾਦ ਵੈੱਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਐੱਨ.ਆਰ.ਆਈਜ਼ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਉਦਘਾਟਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ, ਉਦਯੋਗ ਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਜ਼ਾਦ ਵੈੱਲਫੇਅਰ ਐਂਡ ਸਪੋਰਟਸ ਕਲੱਬ ਅਤੇ ਵਿਸ਼ੇਸ਼ ਤੌਰ ’ਤੇ ਕਲੱਬ ਦੇ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਟੀਚਾ ਵੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ ਜਿਸ ਲਈ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਪ੍ਰਦਾਨ ਕਰਦੇ ਹਨ। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਉਤਸਾਹਨ ਅਤੇ ਪ੍ਰਾਹੁਣਚਾਰੀ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਕਬੱਡੀ ਸਾਡੇ ਪਿੰਡਾਂ ਦੇ ਸਭਿਆਚਾਰ ਨਾਲ ਜੁੜੀ ਹੋਈ ਖੇਡ ਹੈ ਤੇ ਹਰੇਕ ਪੰਜਾਬੀ ਦਾ ਇਸ ਖੇਡ ਨਾਲ ਵੱਖਰਾ ਹੀ ਲਗਾਅ ਹੈ ਤੇ ਕਬੱਡੀ ਸਾਡੇ ਨੌਜਵਾਨਾਂ ਨੂੰ ਕੌਮਾਂਤਰੀ ਪੱਧਰ ’ਤੇ ਵੱਖਰੀ ਪਹਿਚਾਣ ਵੀ ਦਿੰਦੀ ਹੈ। ਉਨ੍ਹਾਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦੀ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਲਗਾਤਾਰ ਛੇ ਸਾਲਾਂ ਤੋਂ ਕੀਤੇ ਜਾ ਰਹੇ ਉਪਰਾਲੇ ਲਈ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਅਹਿਦ ਲਿਆ ਗਿਆ ਹੈ, ਉਸ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨਾ ਜ਼ਰੂਰੀ ਹੈ ਤੇ ਇਹ ਕਬੱਡੀ ਕੱਪ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਦਾ ਇਕ ਉਪਰਾਲਾ ਹੈ। ਇਸ ਮੌਕੇ ਕਲੱਬ ਪ੍ਰਧਾਨ ਅਤੇ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵਲੋਂ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਸਨਮਾਨ ਕੀਤਾ ਗਿਆ। ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਅੱਜ ਉਦਘਾਟਨੀ ਦਿਨ ਕਬੱਡੀ ਦੇ 65, 55 ਤੇ 45 ਕਿਲੋ ਵਜ਼ਨ ਦੀਆਂ ਟੀਮਾਂ ਦੇ ਮੈਚ ਕਰਵਾਏ ਗਏ ਹਨ ਤੇ ਭਲਕੇ 8 ਕਲੱਬਾਂ ਦੀਆਂ ਟੀਮਾਂ ਅਤੇ 75 ਕਿਲੋ ਵਜ਼ਨ ਦੇ ਮੈਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨਾਮਾਂ ਦੀ ਵੰਡ ਉਪਰੰਤ ਪ੍ਰਸਿੱਧ ਗਾਇਕ ਬੀਤ ਬਲਜੀਤ, ਗੀਤਾ ਜ਼ੈਲਦਾਰ, ਅੰਗਰੇਜ਼ ਅਲੀ, ਦੀਪ ਢਿੱਲੋਂ-ਜੈਸਮੀਨ ਜੱਸੀ, ਲੱਖੀ ਘੁਮਾਣ, ਚਮਕੌਰ ਖੱਟੜਾ ਤੇ ਹਾਸਿਆਂ ਦੀ ਪਟਾਰੀ ਕੁਲਵੰਤ ਸੇਖੋਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਇਨ੍ਹਾਂ ਮੈਚਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਅਤੇ ਬੱਚਿਆਂ ਵਿੱਚ ਖੇਡਾਂ ਦੀ ਚਿਣਗ ਪੈਦਾ ਕਰਨ ਲਈ ਇਨ੍ਹਾਂ ਮੈਚਾਂ ਨੂੰ ਜ਼ਰੂਰ ਦੇਖਣ ਆਇਆ ਜਾਵੇ। ਇਸ ਮੌਕੇ ਏਡੀਸੀ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਡਾ. ਇਸਮਤ ਵਿਜੇ ਸਿੰਘ, ਮੁੱਖ ਮੰਤਰੀ ਦੇ ਸਾਬਕਾ ਮੀਡੀਆ ਸਲਾਹਕਾਰ ਬਲਤੇਜ ਪੰਨੂ, ਚਰਨ ਸਿੰਘ ਮਲਕੀਤ ਐਗਰੋਟੈਕ ਗਰੁੱਪ, ਗੁਰਪ੍ਰੀਤ ਸਿੰਘ ਡਾਇਰੈਕਟਰ ਪ੍ਰੀਤ ਗਰੁੱਪ, ਸੰਤ ਬਾਬਾ ਦਾਰਾ ਸਿੰਘ ਮੂਲਾਬੱਧਾ ਤੇ ਬਾਬੂ ਸੂਰਜ ਭਾਨ, ਪ੍ਰਗਟ ਸਿੰਘ ਗੈਬੀ, ਗੋਬਿੰਦ ਸਿੰਘ ਜੰਡੂ, ਲਾਡੀ ਖਹਿਰਾ, ਲਾਲੀ ਫ਼ਤਿਹਪੁਰ, ਪਰਮਿੰਦਰ ਭੰਗੂ, ਵਿਕਰਮ ਵਿੱਕੀ, ਸਰਪੰਚ ਦਵਿੰਦਰ ਕੁਲਾਰਾਂ ਜਗਦੀਪ ਸਿੰਘ ਸਰਪੰਚ ਧੰਗੇੜਾ, ਸੁਖਦੇਵ ਸਿੰਘ ਬਿਰਧਨੋ, ਹਰਪ੍ਰੀਤ ਸਿੰਘ ਢੀਂਡਸਾ, ਜਗਤਾਰ ਸਿੰਘ ਰਤਨਹੇੜੀ, ਜਸਕਰਨਵੀਰ ਸਿੰਘ ਤੇਜ਼ੇ ਸਮੇਤ ਹੋਰ ਕਈ ਪ੍ਰਮੁੱਖ ਸਖਸ਼ੀਅਤਾਂ ਵੀ ਮੌਜੂਦ ਸਨ। ਫੋਟੋ: ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਖਿਡਾਰੀਆਂ ਨਾਲ ਮੁਲਾਕਾਤ ਕਰਦੇ ਹੋਏ, ਉਨ੍ਹਾਂ ਦੇ ਨਾਲ ਕਲੱਬ ਪ੍ਰਧਾਨ ਜੱਸੀ ਸੋਹੀਆਂ ਵਾਲਾ ਵੀ ਨਜ਼ਰ ਆ ਰਹੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.