
27 ਅਕਤੂਬਰ ਨੂੰ ਰੱਖਿਆ ਜਾਵੇਗਾ ਪਟਿਆਲਾ ਦੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ ਦੀ ਕਾਇਆਕਲਪ ਕਰਨ ਲਈ ਨਵ-ਨਿਰਮਾਣ ਕਾਰਜਾਂ

27 ਅਕਤੂਬਰ ਨੂੰ ਰੱਖਿਆ ਜਾਵੇਗਾ ਪਟਿਆਲਾ ਦੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਿਰ ਦੀ ਕਾਇਆਕਲਪ ਕਰਨ ਲਈ ਨਵ-ਨਿਰਮਾਣ ਕਾਰਜਾਂ ਦਾ ਨੀਂਹ ਪੱਥਰ -ਮੰਦਿਰ ਐਡਵਾਈਜ਼ਰੀ ਕਮੇਟੀ -ਮੰਦਿਰ ਦੇ ਦਹਾਕਿਆਂ ਤੱਕ ਅੱਖੋਂ ਪਰੋਖੇ ਰਹੇ ਪਵਿੱਤਰ ਸਰੋਵਰ ਨੂੰ ਮਿਲੇਗੀ ਨਵੀਂ ਦਿੱਖ, ਪਾਈਪਲਾਈਨ ਦਾ ਕੰਮ 90 ਫੀਸਦੀ ਮੁਕੰਮਲ-ਅਜੇ ਅਲੀਪੁਰੀਆ -ਕਿਹਾ, ਮੰਦਿਰ ਵਿਖੇ ਆਮ ਆਦਮੀ ਕਲਿਨਿਕ ਵੀ ਖੋਲ੍ਹਿਆ ਜਾਵੇਗਾ -ਮੰਦਿਰ ਵਿਖੇ ਰੋਜ਼ਾਨਾ ਹੋ ਰਿਹਾ ਹੈ ਹਵਨ, ਕੋਈ ਵੀ ਸ਼ਰਧਾਲੂ ਬੁਕਿੰਗ ਨਾਲ ਮੁਫ਼ਤ ਕਰਵਾ ਸਕਦਾ ਹੈ ਹਵਨ ਪੂਜਾ-ਸੰਜੇ ਸਿੰਗਲਾ -ਨਵੀਂ ਮੰਦਿਰ ਕਮੇਟੀ ਨੇ ਆਪਣੇ ਪਹਿਲੇ ਨਵਰਾਤਰਿਆਂ ਦੌਰਾਨ ਕੀਤੇ ਸੰਗਤ ਲਈ ਪੁਖ਼ਤਾ ਪ੍ਰਬੰਧ-ਡਾ. ਰਾਜ ਕੁਮਾਰ ਗੁਪਤਾ -ਮੰਦਿਰ ਸਲਾਹਕਾਰੀ ਕਮੇਟੀ ਨੇ ਨਵਰਾਤਰਿਆਂ ਮੌਕੇ ਮੇਅਰ, ਡਿਪਟੀ ਕਮਿਸ਼ਨਰ, ਐਸ.ਐਸ.ਪੀ ਤੇ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਲਈ ਕੀਤੀ ਸ਼ਲਾਘਾ ਪਟਿਆਲਾ, 15 ਅਕਤੂਬਰ 2025 : ਪਟਿਆਲਾ ਦੇ ਪੁਰਾਤਨ ਤੇ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੀ ਐਡਵਾਈਜ਼ਰੀ ਕਮੇਟੀ ਨੇ ਅੱਜ ਇੱਕ ਅਹਿਮ ਐਲਾਨ ਕਰਦਿਆਂ ਦੱਸਿਆ ਹੈ ਕਿ ਸ੍ਰੀ ਕਾਲੀ ਦੇਵੀ ਮੰਦਿਰ ਦੀ ਕਾਇਆਂਕਲਪ ਕਰਨ ਲਈ ਕੀਤੇ ਜਾਣ ਵਾਲੇ ਨਵ ਨਿਰਮਾਣ ਕਾਰਜਾਂ ਦੀ ਸ਼ੁਭ ਸ਼ੁਰੂਆਤ 27 ਅਕਤੂਬਰ ਨੂੰ ਕੀਤੀ ਜਾਵੇਗੀ । ਅੱਜ ਸ਼ਾਮ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਮੈਂਬਰਾਂ ਸੀ.ਏ ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜ ਕੁਮਾਰ ਗੁਪਤਾ ਤੇ ਏ.ਡੀ.ਸੀ.(ਜ)-ਕਮ-ਸੀਈਓ ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਲੋੜੀਂਦੇ ਸਰੋਤਾਂ ਨਾਲ ਮੰਦਰ ਦੀ ਕਾਇਆਕਲਪ ਕਰਨ ਦਾ ਐਲਾਨ ਕੀਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਇਸੇ ਐਲਾਨ ਦੇ ਮੱਦੇਨਜ਼ਰ ਪੂਰੀ ਯੋਜਨਾ ਅਤੇ ਨਕਸ਼ਾ ਤਿਆਰ ਕਰ ਲਿਆ ਗਿਆ ਹੈ, ਜਿਸਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ 27 ਅਕਤੂਬਰ ਨੂੰ ਪੂਰੀ ਧਾਰਮਿਕ ਮਰਿਆਦਾ ਨਾਲ ਪੂਜਾ ਅਰਚਨਾ ਕਰਕੇ ਮੰਦਿਰ ਦੇ ਨਵ ਨਿਰਮਾਣ ਕਾਰਜਾਂ ਦੀ ਸ਼ੁਭ ਸ਼ੁਰੂਆਤ ਕਰਵਾਈ ਜਾਵੇਗੀ। ਸੀਏ ਅਜੇ ਅਲੇਪੁਰੀਆ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਮੰਦਰ ਦੇ ਸੁੱਕੇ ਪਏ ਸਰੋਵਰ ‘ਚ ਤਾਜ਼ਾ ਪਾਣੀ ਭਰਕੇ ਇਸਨੂੰ ਸੁਰਜੀਤ ਕੀਤਾ ਜਾਵੇਗਾ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਐਲਾਨ ਦੇ ਤਹਿਤ ਹੀ ਪਾਈਪਲਾਈਨ ਪਾਉਣ ਦੇ ਕੰਮ 90 ਫੀਸਦੀ ਮੁਕੰਮਲ ਕਰ ਲਏ ਗਏ ਹਨ। ਇਸ ਤਰ੍ਹਾਂ ਪਵਿੱਤਰ ਸਰੋਵਰ ਦਾ ਪੂਰੀ ਤਰ੍ਹਾਂ ਨਵੀਨੀਕਰਨ ਕੀਤਾ ਜਾਵੇਗਾ, ਜਿਸ ਵਿੱਚ ਵਾਟਰਪ੍ਰੂਫਿੰਗ, ਕਿਨਾਰਿਆਂ 'ਤੇ ਪੱਥਰ ਲਗਾਉਣਾ ਅਤੇ ਰਸਤਿਆਂ ਨੂੰ ਹੋਰ ਵਧੀਆ ਦਿੱਖ ਦੇਣਾ ਸ਼ਾਮਲ ਹੈ।ਇਸ ਤੋਂ ਬਿਨ੍ਹਾਂ ਮੰਦਿਰ ਦੇ ਸੀਵਰੇਜ ਦਾ ਟੈਂਡਰ ਵੀ ਲੱਗ ਚੁੱਕਾ ਹੈ ਅਤੇ ਜਲਦੀ ਹੀ ਸੀਵਰੇਜ ਪ੍ਰਾਜੈਕਟ ਦਾ ਵੀ ਨਵੀਨੀਕਰਨ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਵਿਖੇ ਜਲਦ ਹੀ ਆਮ ਆਦਮੀ ਕਲੀਨਿਕ ਵੀ ਖੋਲ੍ਹਿਆ ਜਾਵੇਗਾ। ਐਡਵਾਈਜਰੀ ਕਮੇਟੀ ਮੈਂਬਰਾਂ ਨੇ ਅੱਗੇ ਦੱਸਿਆ ਕਿ ਸ਼ਹਿਰੀ ਅਤੇ ਧਾਰਮਿਕ ਯੋਜਨਾ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਭਵਿੱਖ ਵਿੱਚ ਹੋਣ ਵਾਲੀਆਂ ਉਸਾਰੀਆਂ, ਵਿਰਾਸਤੀ ਸਾਂਭ-ਸੰਭਾਲ, ਤੀਰਥ ਯਾਤਰਾ ਸੇਵਾਵਾਂ, ਸੈਨੀਟੇਸ਼ਨ, ਪਾਰਕਿੰਗ ਅਤੇ ਟ੍ਰੈਫਿਕ ਦੇ ਸੁਚਾਰੂ ਪ੍ਰਬੰਧਨ ਲਈ ਇੱਕ ਵਿਆਪਕ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸ੍ਰੀ ਕਾਲੀ ਮਾਤਾ ਮੰਦਰ ਉੱਤਰੀ ਭਾਰਤ ਦੇ ਸਭ ਤੋਂ ਵੱਧ ਮੰਨਤਾ ਵਾਲੇ ਅਤੇ ਇਤਿਹਾਸਕ ਮੰਦਰਾਂ ਵਿੱਚੋਂ ਇੱਕ ਹੈ ਅਤੇ ਇਹ ਮੰਦਰ ਪੰਜਾਬ ਦੀ ਅਮੀਰ ਅਧਿਆਤਮਿਕ ਵਿਰਾਸਤ ਦਾ ਪ੍ਰਮਾਣ ਹੈ।ਇਸ ਲਈ ਸੂਬੇ ਦੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਦੇ ਹੋਏ ਸਾਡੇ ਨੌਜਵਾਨਾਂ ਨੂੰ ਸਾਡੇ ਸ਼ਾਨਦਾਰ ਅਤੀਤ ਤੋਂ ਜਾਣੂ ਕਰਵਾਉਣ ਲਈ ਇਸ ਮੰਦਿਰ ਨੂੰ ਸ਼ਰਧਾਲੂਆਂ ਲਈ ਬਹੁਤ ਹੀ ਵਿਸ਼ਾਲ ਅੱਤੇ ਭਵਯ ਰੂਪ ਦਿੱਤਾ ਜਾਵੇਗਾ । ਮੈਂਬਰ ਸੰਜੇ ਸਿੰਗਲਾ ਅਤੇ ਡਾ. ਰਾਜ ਕੁਮਾਰ ਗੁਪਤਾ ਨੇ ਅੱਗੇ ਦੱਸਿਆ ਕਿ ਕਮੇਟੀ ਵੱਲੋਂ ਆਪਣੀ ਸੇਵਾ ਦੌਰਾਨ ਇਸ ਵਾਰ ਨਵਰਾਤਰੇ ਸਨ ਅਤੇ ਇਸ ਮੌਕੇ ਸ਼ਾਨਦਾਰ ਪ੍ਰਬੰਧ ਕੀਤੇ ਗਏ ਅਤੇ ਇੱਥੇ ਹਵਨ ਰੋਜ਼ਾਨਾ ਹੋ ਰਿਹਾ ਹੈ ਜਿਸ ਵਿੱਚ ਕੋਈ ਵੀ ਸ਼ਰਧਾਲੂ ਬੁਕਿੰਗ ਨਾਲ ਮੁਫ਼ਤ ਹਵਨ ਪੂਜਾ ਕਰਵਾ ਸਕਦਾ ਹੈ। ਮੰਦਿਰ ਸਲਾਹਕਾਰੀ ਕਮੇਟੀ ਨੇ ਨਵਰਾਤਰਿਆਂ ਮੌਕੇ ਮੇਅਰ ਕੁੰਦਨ ਗੋਗੀਆ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ ਵਰੁਣ ਸ਼ਰਮਾ ਤੇ ਏ.ਡੀ.ਸੀ. ਸਿਮਰਪ੍ਰੀਤ ਕੌਰ ਦੀ ਨਿਰਦੇਸ਼ਨਾ ਹੇਠ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਲਈ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਇਸ ਵਾਰ ਲੰਗਰ ਭੰਡਾਰੇ ਵਿਖੇ ਕਰੀਬ ਇੱਕ ਲੱਖ ਦੇ ਕਰੀਬ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ ਹੈ ਅਤੇ ਮੰਦਿਰ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਏ.ਡੀ.ਸੀ. ਸਿਮਰਪ੍ਰੀਤ ਕੌਰ ਨੇ ਦਸਿਆ ਕਿ ਮੰਦਿਰ ਦੇ ਅੰਦਰ ਅਤੇ ਦੁਆਲੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਤੇ ਸ਼ਰਾਰਤੀ ਤੱਤਾਂ ਤੇ ਖਾਸ ਕਰਕੇ ਜੇਬ ਕਤਰਿਆਂ ਉਪਰ ਨਿਗਰਾਨੀ ਕਰਨ ਲਈ ਵੀ ਯਤਨ ਕੀਤੇ ਗਏ ਹਨ।