post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਦੀਆਂ ਛੇ ਗੱਡੀਆਂ ਅਤੇ ਬੈਂਕ ਖਾਤੇ ਉੱਤੇ ਮਾਣਯੋਗ ਅਦਾਲਤ ਵੱਲੋਂ ਲਗਾਈ ਗਈ ਰੋਕ ਹਟੀ

post-img

ਪੰਜਾਬੀ ਯੂਨੀਵਰਸਿਟੀ ਦੀਆਂ ਛੇ ਗੱਡੀਆਂ ਅਤੇ ਬੈਂਕ ਖਾਤੇ ਉੱਤੇ ਮਾਣਯੋਗ ਅਦਾਲਤ ਵੱਲੋਂ ਲਗਾਈ ਗਈ ਰੋਕ ਹਟੀ -ਲੈਕਚਰਾਰ ਇੰਦਰਜੀਤ ਕੌਰ ਪੈਨਸ਼ਨ ਕੇਸ ਦੀਆਂ ਪੇਚੀਦਗੀਆਂ ਬਾਰੇ ਮਾਣਯੋਗ ਅਦਾਲਤ ਨੂੰ ਕਰਵਾਇਆ ਜਾਣੂ: ਯੂਨੀਵਰਸਿਟੀ ਅਥਾਰਿਟੀਜ਼ ਪਟਿਆਲਾ, 14 ਜੂਨ : ਪੰਜਾਬੀ ਯੂਨੀਵਰਸਿਟੀ ਦੀਆਂ ਛੇ ਗੱਡੀਆਂ ਅਤੇ ਬੈਂਕ ਖਾਤੇ ਦੀ ਵਰਤੋਂ ਉੱਤੇ ਲੈਕਚਰਾਰ ਇੰਦਰਜੀਤ ਕੌਰ ਪੈਨਸ਼ਨ ਕੇਸ ਵਿੱਚ ਮਾਣਯੋਗ ਅਦਾਲਤ ਵੱਲੋਂ ਲਗਾਈ ਗਈ ਰੋਕ ਵਾਪਸ ਲੈ ਲਈ ਗਈ ਹੈ। ਯੂਨੀਵਰਸਿਟੀ ਅਥਾਰਿਟੀਜ਼ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੇ ਗੱਡੀਆਂ ਅਤੇ ਬੈਂਕ ਖਾਤੇ ਨੂੰ ਅਟੈਚ ਕੀਤੇ ਜਾਣ ਦੇ ਇਸ ਫ਼ੈਸਲੇ ਉਪਰੰਤ ਯੂਨੀਵਰਸਿਟੀ ਵੱਲੋਂ ਮਾਣਯੋਗ ਅਦਾਲਤ ਤੱਕ ਪਹੁੰਚ ਕੀਤੀ ਗਈ ਸੀ। ਅਦਾਲਤ ਵੱਲੋਂ ਯੂਨੀਵਰਸਿਟੀ ਦਾ ਪੱਖ ਜਾਣਨ ਉਪਰੰਤ ਇਹ ਰੋਕ ਹਟਾ ਦਿੱਤੀ ਗਈ ਹੈ। ਅਥਾਰਿਟੀਜ਼ ਵੱਲੋਂ ਦੱਸਿਆ ਗਿਆ ਕਿ ਇੰਦਰਜੀਤ ਕੌਰ ਸਾਲ 2015 ਵਿੱਚ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਏ ਸਨ। ਸੀ.ਪੀ.ਐੱਫ. ਤੋਂ ਪੁਰਾਣੀ ਪੈਨਸ਼ਨ ਸਕੀਮ ਵਿੱਚ ਤਬਦੀਲ ਹੋਏ ਹੋਣ ਕਾਰਨ ਨਿਯਮਾਂ ਅਨੁਸਾਰ ਉਨ੍ਹਾਂ ਵੱਲੋਂ ਇੱਕ ਨਿਰਧਾਰਿਤ ਰਾਸ਼ੀ ਯੂਨੀਵਰਸਿਟੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਣੀ ਸੀ, ਜੋ ਕਿ ਉਨ੍ਹਾਂ ਨਹੀਂ ਕਰਵਾਈ ਸੀ। ਇਸ ਮਾਮਲੇ ਦੇ ਅਜਿਹੇ ਕੁੱਝ ਕਾਨੂੰਨੀ ਅਤੇ ਤਕਨੀਕੀ ਕਾਰਨਾਂ ਕਰ ਕੇ ਉਨ੍ਹਾਂ ਦੀ ਪੈਨਸ਼ਨ ਸ਼ੁਰੂ ਨਹੀਂ ਹੋ ਸਕੀ ਸੀ। ਯੂਨੀਵਰਸਿਟੀ ਵੱਲੋਂ ਇਸ ਮਾਮਲੇ ਦੀਆਂ ਸਾਰੀਆਂ ਪੇਚੀਦਗੀਆਂ ਬਾਰੇ ਅਦਾਲਤ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ, ਜਿਸ ਉਪਰੰਤ ਅਦਾਲਤ ਵੱਲੋਂ ਰੋਕ ਹਟਾਉਣ ਵਾਲ਼ਾ ਇਹ ਫ਼ੈਸਲਾ ਸੁਣਾਇਆ ਗਿਆ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਣੀ ਹੈ।

Related Post