ਕੈਸ਼ੀਅਰ ਕਤਲ ਦਾ ਮੁੱਖ ਸਾਜਿਸ਼ਕਰਤਾ ਸਪੇਨ ਵਿਚ ਹੋਇਆ ਗ੍ਰਿਫ਼ਤਾਰ
ਚੰਡੀਗੜ੍ਹ, 4 ਜੁਲਾਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਮੈਡੀਕਲ ਦੁਕਾਨ 'ਤੇ ਕੰਮ ਕਰਦੇ ਕੈਸ਼ੀਅਰ ਕਤਲ ਕਾਂਡ ਦੇ ਮੁੱਖ ਸਾਜਿਸ਼ਕਰਤਾ ਨੂੰ ਸਪੇਨ ਵਿਚ ਗ੍ਰਿਫ਼ਤਾਰ (Arrested) ਕਰ ਲਿਆ ਹੈ ।
ਕੌਣ ਹੈ ਇਹ ਮੁੱਖ ਸਾਜਿਸ਼ਕਰਤਾ
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-11 ਦੇ ਕੁਮਾਰ ਮੈਡੀਕਲ ਹਾਲ ਦੇ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਦੇ ਮੁੱਖ ਸਾਜ਼ਿਸ਼ਘਾੜੇ ਗੈਂਗਸਟਰ ਗੋਲਡੀ ਢਿੱਲੋਂ (Gangster Goldie Dhillon) ਨੂੰ ਭਾਰਤੀ ਏਜੰਸੀਆਂ ਦੀ ਸਹਾਇਤਾ ਨਾਲ ਸਪੇਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਢਿੱਲੋਂ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਰਹਿ ਕੇ ਪੰਜਾਬ, ਚੰਡੀਗੜ੍ਹ ਅਤੇ ਦਿੱਲੀ-ਐਨ. ਸੀ. ਆਰ. ਖੇਤਰ ਵਿੱਚ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਿਹਾ ਸੀ । ਹੁਣ ਉਸਨੂੰ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ।
ਚੰਡੀਗੜ੍ਹ ਪੁਲਸ ਕਰੇਗੀ ਭਾਰਤ ਪਹੁੰਚਣ ਤੇ ਕਤਲ ਸਬੰਧੀ ਪੁੱਛਗਿੱਛ
ਸਪੇਨ ਵਿਚ ਗ੍ਰਿਫ਼ਤਾਰ ਕੀਤੇ ਗੈਂਗਸਟਰ ਢਿੱਲੋਂ ਦੇ ਭਾਰਤ ਪਹੁੰਚਣ `ਤੇ ਚੰਡੀਗੜ੍ਹ ਪੁਲਸ ਉਸਨੂੰ ਸੈਕਟਰ-11 ਕਤਲ ਕੇਸ ਸੰਬੰਧੀ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ (Production warrant) `ਤੇ ਹਿਰਾਸਤ ਵਿੱਚ ਲਵੇਗੀ । ਗੋਲਡੀ ਢਿੱਲੋਂ ਪਹਿਲਾਂ ਹੀ ਰਾਸ਼ਟਰੀ ਜਾਂਚ ਏਜੰਸੀ (National Investigation Agency) (ਐਨ. ਆਈ. ਏ.) ਦੁਆਰਾ ਲੋੜੀਂਦਾ ਦੋਸ਼ੀ ਹੈ ਤੇ ਉਸਦੀ ਗ੍ਰਿਫਤਾਰੀ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ । ਸੁਰੱਖਿਆ ਏਜੰਸੀਆਂ ਲੰਬੇ ਸਮੇਂ ਤੋਂ ਉਸਦੀ ਭਾਲ ਕਰ ਰਹੀਆਂ ਸਨ ।
