
ਹਲਕਾ ਸ਼ੁਤਰਾਣਾ ਦੇ ਪਿੰਡ ਕਰੀਮਨਗਰ ਚਿਚੜਵਾਲ ’ਚ ਵਿਧਾਇਕ ਦੇ ਭਰਾ ਦੀ ਸਰਬ ਸੰਮਤੀ ਨਾਲ ਸਰਪੰਚ ਵਜੋਂ ਹੋਈ ਚੋਣ ਦਾ ਮਾਮਲਾ
- by Jasbeer Singh
- October 3, 2024

ਹਲਕਾ ਸ਼ੁਤਰਾਣਾ ਦੇ ਪਿੰਡ ਕਰੀਮਨਗਰ ਚਿਚੜਵਾਲ ’ਚ ਵਿਧਾਇਕ ਦੇ ਭਰਾ ਦੀ ਸਰਬ ਸੰਮਤੀ ਨਾਲ ਸਰਪੰਚ ਵਜੋਂ ਹੋਈ ਚੋਣ ਦਾ ਮਾਮਲਾ ਵਿਵਾਦਾਂ ਵਿਚ ਘਿਰਦਿਆਂ ਪਹੁੰਚਿਆ ਹਾਈ ਕੋਰਟ ਪਟਿਆਲਾ : ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਪਿੰਡ ਕਰੀਮਨਗਰ ਚਿਚੜਵਾਲ ’ਚ ਵਿਧਾਇਕ ਦੇ ਭਰਾ ਦੀ ਸਰਬ ਸੰਮਤੀ ਨਾਲ ਸਰਪੰਚ ਵਜੋਂ ਹੋਈ ਚੋਣ ਵਿਵਾਦਾਂ ਵਿਚ ਘਿਰ ਗਈ ਹੈ ਅਤੇ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ। ਬੁੱਧਵਾਰ ਨੂੰ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਿੰਡ ਕਰੀਮਨਗਰ ਚਿਚੜਵਾਲਾ ਦੇ ਵਸਨੀਕ ਗੁਰਚਰਨ ਰਾਮ ਨੇ ਆਖਿਆ ਕਿ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਸਿਰਫ ਆਪਣੇ ਨਜ਼ਦੀਕੀ ਬੰਦਿਆਂ ਨੂੰ ਆਪਣੇ ਘਰ ਸੱਦ ਲਿਆ ਅਤੇ ਕੁਝ ਬੰਦਿਆਂ ਨੇ ਰਲ ਕੇ ਆਪ ਹੀ ਪਹਿਲਾਂ ਤੋਂ ਮੰਗਵਾ ਕੇ ਰੱਖੇ ਹਾਰ ਵਿਧਾਇਕ ਦੇ ਭਰਾ ਜਗੀਰ ਸਿੰਘ ਦੇ ਗਲ ’ਚ ਪਾ ਦਿੱਤੇ ਤੇ ਲੱਡੂ ਵੰਡ ਕੇ ਐਲਾਨ ਕਰ ਦਿੱਤਾ ਕਿ ਸਰਬਸੰਮਤੀ ਨਾਲ ਚੋਣ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਸਰਬਸੰਮਤੀ ਚਾਹੁੰਦੇ ਸੀ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਜਾਂ ਸਾਂਝੀ ਥਾਂ ’ਤੇ ਇਕੱਠ ਸੱਦਣਾ ਚਾਹੀਦਾ ਸੀ ਤੇ ਸਾਰੇ ਪਿੰਡ ਨੂੰ ਸੱਦਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਹ ਆਪ ਸਰਪੰਚ ਦੇ ਅਹੁਦੇ ਦੀ ਚੋਣ ਲੜਨ ਦੇ ਚਾਹਵਾਨ ਨਹੀਂ ਹਨ ਪਰ ਚਾਹੁੰਦੇ ਹਨ ਕਿ ਧੱਕੇਸ਼ਾਹੀ ਦੀ ਥਾਂ ਪਾਰਦਰਸ਼ਤਾ ਨਾਲ ਚੋਣ ਹੋਵੇ। ਉਨ੍ਹਾਂ ਕਿਹਾ ਕਿ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਬਦਲਾਅ ਦੀ ਗੱਲ ਕਰਦਿਆਂ ਚੰਗਾ ਪ੍ਰਸ਼ਾਸਨ ਦੇਣ ਦੀ ਗੱਲ ਕਰਦੇ ਹਨ, ਉਥੇ ਹੀ ਵਿਧਾਇਕ ਵੱਲੋਂ ਸ਼ਰ੍ਹੇਆਮ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਲਜਾਮ ਲਗਾਇਆ ਕਿ ਸਾਡੇ ਪਿੰਡ ’ਚੋਂ ਅਨੇਕਾਂ ਮੋਹਤਬਰ ਬੰਦੇ ਐਨਓਸੀ ਲੈਣ ਵਾਸਤੇ ਬੀਡੀਪੀਓ ਦਫਤਰ ਪਹੁੰਚੇ ਸਨ ਪਰ ਵਿਧਾਇਕ ਦੇ ਹੁਕਮਾਂ ’ਤੇ ਦਫਤਰ ਨੂੰ ਤਾਲਾ ਲਗਾ ਦਿੱਤਾ ਗਿਆ। ਉਨ੍ਹਾਂ ਨੇ ਮੌਕੇ ਦੀ ਵੀਡੀਓ ਵੀ ਵਿਖਾਈ ਜਿਸ ਵਿਚ ਦਫਤਰ ਨੂੰ ਤਾਲਾ ਲੱਗਾ ਨਜ਼ਰ ਆ ਰਿਹਾ ਸੀ ਤੇ ਲੋਕ ਦਫ਼ਤਰ ਦੇ ਬਾਹਰ ਖੜ੍ਹੇ ਵਿਖਾਈ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਉਸਨੇ ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਜਿਸਦੀ ਭਲਕੇ 3 ਅਕਤੂਬਰ ਨੂੰ ਹਾਈ ਕੋਰਟ ਵਿਚ ਸੁਣਵਾਈ ਹੋਣੀ ਹੈ। ਇਸ ਮਾਮਲੇ ’ਚ ਸੰਪਰਕ ਕਰਨ ’ਤੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਆਖਿਆ ਕਿ ਪਿੰਡ ਵਾਲਿਆਂ ਨੇ ਆਪ ਸਰਬਸੰਮਤੀ ਕਰ ਕੇ ਜਗੀਰ ਸਿੰਘ ਨੂੰ ਸਰਪੰਚ ਚੁਣਿਆ ਹੈ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਸ ਖਿਲਾਫ 7 ਅਪਰਾਧਿਕ ਮਾਮਲੇ ਦਰਜ ਹਨ ਜਿਹਨਾਂ ਵਿਚ ਜਾਅਲਸਾਜ਼ੀ ਤੇ ਹੋਰ ਗੰਭੀਰ ਅਪਰਾਧ ਸ਼ਾਮਲ ਹਨ। ਇਸਦਾ ਇਕਲੌਤਾ ਮਕਸਦ ਗੰਨਮੈਨ ਲੈਣਾ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਆਪ ਕਹਿ ਰਹੇ ਸੀ ਕਿ ਮੈਂ ਆਪ ਸਰਪੰਚ ਰਹਿ ਚੁੱਕਾ ਹਾਂ ਤੇ ਹੁਣ ਐੱਮਐੱਲਏ ਹਾਂ ਪਰ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਗ੍ਰਾਂਟਾਂ ਤੁਹਾਡੇ ਰਾਹੀਂ ਹੀ ਖਰਚ ਹੋਣੀਆਂ ਹਨ, ਇਸ ਲਈ ਤੁਹਾਡੇ ਪਰਿਵਾਰ ਨੂੰ ਹੀ ਸਰਬਸੰਮਤੀ ਨਾਲ ਸਰਪੰਚੀ ਦੇਣੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.