July 6, 2024 01:30:27
post

Jasbeer Singh

(Chief Editor)

Patiala News

ਕੰਗਨਾ ਦੇ ਥੱਪੜ ਮਾਰਨ ਦੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ: ਗਾਂਧੀ

post-img

ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਨ ਨੇ ਹੁਣ ਤੱਕ ਕਿਸਾਨਾਂ ਤੇ ਪੰਜਾਬੀਆਂ ਵਿਰੁੱਧ ਗ਼ਲਤ ਬਿਆਨ ਦਿੱਤੇ ਹਨ। ਉਨ੍ਹਾਂ ਬਿਆਨਾਂ ਦੀ ਇਕ ਝਲਕ ਕੱਲ੍ਹ ਵੀ ਨਜ਼ਰ ਆਈ ਹੈ ਜਦੋਂ ਉਹ ਕਹਿ ਰਹੀ ਹੈ ਕਿ ਪੰਜਾਬ ਵਿਚ ਬਹੁਤ ਜ਼ਿਆਦਾ ਅਤਿਵਾਦ ਹੈ। ਉਨ੍ਹਾਂ ਕਿਹਾ ਕਿ ਅਦਾਕਾਰਾ ਨੂੰ ਕਿਸੇ ਸਿਆਸੀ ਪਾਰਟੀ ਦੇ ਪੱਖ ਵਿਚ ਜਾਂਦਿਆਂ ਕਿਸਾਨਾਂ ਨੂੰ ਗੈਰ ਸਭਿਅਕ ਸ਼ਬਦਾਂ ਨਾਲ ਨਹੀਂ ਬੋਲਣਾ ਚਾਹੀਦਾ ਸੀ, ਜਿਸ ਬਾਰੇ ਭਾਰਤ ਦੇ ਕਿਸਾਨ ਤੇ ਪੰਜਾਬ ਦੇ ਲੋਕ ਬਹੁਤ ਦੁਖੀ ਹੋਏ ਹਨ। ਹਾਲਾਂਕਿ ਉਹ ਕਿਸੇ ਵੀ ਵਿਅਕਤੀ ਦੇ ਥੱਪੜ ਮਾਰਨ ਦੀ ਕਾਰਵਾਈ ਦੇ ਪੱਖ ਵਿੱਚ ਨਹੀਂ ਹਨ। ਡਾ. ਗਾਂਧੀ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਕੁਲਵਿੰਦਰ ਕੌਰ ਨਾਲ ਕੰਗਨਾ ਰਣੌਤ ਜਾਮਾ ਤਲਾਸ਼ੀ ਮੌਕੇ ਖਹਿਬੜੀ ਹੈ, ਜਦ ਕਿ ਕੋਈ ਵੀਆਈਪੀ ਹੋਵੇ ਜਾਂ ਅਧਿਕਾਰੀ ਉਸ ਨੂੰ ਸਕਿਉਰਿਟੀ ਚੈਕਿੰਗ (ਜਾਮਾ ਤਲਾਸ਼ੀ) ਕਰਾਉਣ ਲਈ ਪੁਖ਼ਤਾ ਸਿਧਾਂਤ ਹੈ, ਪਰ ਜੇਕਰ ਕੰਗਨਾ ਨੇ ਜਾਮਾ ਤਲਾਸ਼ੀ ਮੌਕੇ ਕੁਲਵਿੰਦਰ ਕੌਰ ਨਾਲ ਮਾੜਾ ਵਿਹਾਰ ਕੀਤਾ ਤਾਂ ਇਸ ਬਾਰੇ ਸੀਸੀਟੀਵੀ ਫੁਟੇਜ ਤੇ ਹੋਰ ਗਵਾਹਾਂ ਦੇ ਮੱਦੇਨਜ਼ਰ ਸਾਰੇ ਮਾਮਲੇ ਦੀ ਨਿਰਪੱਖ ਏਜੰਸੀ ਵੱਲੋਂ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਤੇ ਲੋਕ ਪ੍ਰਤੀਨਿਧ ਐਕਟ ਤਹਿਤ ਅਜੇ ਕਾਰਵਾਈ ਨਹੀਂ ਹੋ ਸਕਦੀ ਕਿਉਂਕਿ ਜਦੋਂ ਤੱਕ ਕੋਈ ਵੀ ਜਿੱਤਿਆ ਵਿਅਕਤੀ ਸਹੁੰ ਨਹੀਂ ਚੁੱਕ ਲੈਂਦਾ ਉਦੋਂ ਤੱਕ ਉਹ ਲੋਕ ਪ੍ਰਤੀਨਿਧ ਦੀ ਸੰਗਿਆ ਵਿਚ ਨਹੀਂ ਆਉਂਦਾ, ਇਸ ਕਰਕੇ ਜੇਕਰ ਕੁਲਵਿੰਦਰ ’ਤੇ ਲੋਕ ਪ੍ਰਤੀਨਿਧ ਐਕਟ ਤਹਿਤ ਕਾਰਵਾਈ ਹੋ ਰਹੀ ਹੈ ਉਹ ਗ਼ਲਤ ਹੈ। ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਨੇ ਚੰਡੀਗੜ੍ਹ ਹਵਾਈ ਅੱਡੇ ’ਤੇ ਸੀਆਈਐੱਸਐੱਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਅਤੇ ਕੰਗਨਾ ਰਣੌਤ ਵਿਚਕਾਰ ਹੋਏ ਤਕਰਾਰ ਵਿੱਚ ਜੋ ਵਾਪਰਿਆ ਹੈ, ਉਸ ਲਈ ਕੰਗਨਾ ਰਣੌਤ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਉਸ ਦੇ ਵਿਹਾਰ ਨੂੰ ਘਟੀਆ ਸਿਆਸਤ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ। ਜਥੇਬੰਦੀ ਨੇ ਘਟਨਾਕ੍ਰਮ ਮਗਰੋਂ ਕੰਗਨਾ ਰਣੌਤ ਅਤੇ ਉਸ ਦੀ ਭੈਣ ਦੀ ਪੰਜਾਬ ਅਤੇ ਕਿਸਾਨਾਂ ਵਿਰੁੱਧ ਬਿਆਨਬਾਜ਼ੀ ਨੂੰ ਉਕਸਾਊ ਅਤੇ ਭਾਈਚਾਰਿਆਂ ਵਿਚਕਾਰ ਨਫਰਤ ਵਧਾਉਣ ਵਾਲੀ ਬਿਆਨਬਾਜ਼ੀ ਕਰਾਰ ਦਿੰਦਿਆਂ ਕੰਗਨਾ ਰਣੌਤ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਯੂਨੀਅਨ ਨੇ ਸਿਪਾਹੀ ਕੁਲਵਿੰਦਰ ਕੌਰ ਨੂੰ ਬਿਨਾਂ ਪੜਤਾਲ ਕੀਤਿਆਂ ਮੁਅੱਤਲ ਕਰਨ ਦੀ ਵੀ ਨਿਖੇਧੀ ਕੀਤੀ ਹੈ। ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿਜਥੇਬੰਦੀ ਕੁਲਵਿੰਦਰ ਕੌਰ ਅਤੇ ਉਸ ਦੇ ਪਰਿਵਾਰ ’ਤੇ ਜਬਰ ਦੀ ਇਜਾਜ਼ਤ ਨਹੀਂ ਦੇਵੇਗੀ।

Related Post