post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਤਿੰਨ ਦਿਨਾ ਅੰਤਰ ਰਾਸ਼ਟਰੀ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ

post-img

ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਤਿੰਨ ਦਿਨਾ ਅੰਤਰ ਰਾਸ਼ਟਰੀ ਕਾਨਫ਼ਰੰਸ ਸਫਲਤਾਪੂਰਵਕ ਸੰਪੰਨ -ਸਾਇੰਸ, ਗਣਿਤ, ਟੈਕਨੌਲਜੀ ਅਤੇ ਸਿੱਖਿਆ ਦੇ ਖੇਤਰ ਬਾਰੇ ਹੋਈਆਂ ਵਿਚਾਰਾਂ ਪਟਿਆਲਾ, 29 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵੱਲੋਂ ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ ਪਰਥ ਦੇ ਸਹਿਯੋਗ ਨਾਲ਼ ਕਰਵਾਈ ਗਈ ਕੌਮਾਂਤਰੀ ਕਾਨਫ਼ਰੰਸ ਅੱਜ ਸਫਲਤਾਪੂਰਵਕ ਸੰਪੰਨ ਹੋ ਗਈ । ਤੀਜੇ ਦਿਨ ਇੱਕ ਆਫਲਾਈਨ ਅਤੇ ਦੋ ਆਨਲਾਈਨ ਅਕਾਦਮਿਕ ਸੈਸ਼ਨ ਕਰਵਾਏ ਗਏ । ਆਈ. ਸੀ. ਐੱਸ. ਐੱਸ. ਆਰ. ਸਪਾਂਸਰਡ ਇਸ ਕਾਨਫ਼ਰੰਸ ਦਾ ਵਿਦਾਇਗੀ ਭਾਸ਼ਣ ਦਿੰਦੇ ਹੋਏ ਮਹਾਰਾਸ਼ਟਰ ਦੀ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ, ਵਾਰਧਾ ਤੋਂ ਪੁੱਜੇ ਪ੍ਰੋ. ਗੋਪਾਲ ਕ੍ਰਿਸ਼ਨ ਠਾਕੁਰ ਨੇ ਕਿਹਾ ਕਿ ਸਿੱਖਿਆ ਦਾ ਮੰਤਵ ਨੌਕਰੀ ਪ੍ਰਾਪਤ ਕਰਨਾ ਨਹੀਂ ਬਲਕਿ ਸਿੱਖਿਆ ਦਾ ਅਰਥ ਮਨੁੱਖ ਨੂੰ ਬਿਹਤਰ ਮਨੁੱਖ ਬਣਾਉਣਾ ਹੈ । ਅੱਜ ਦੇ ਦੌਰ ਵਿੱਚ ਲੋਕਪ੍ਰਿਯ ਹੋ ਰਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਦੀ ਵਰਤੋਂ ਕਰਦਿਆਂ ਸਾਨੂੰ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਅਸੀਂ ਏ. ਆਈ. ਦਾ ਖੁੱਲ੍ਹੀਆਂ ਅੱਖਾਂ ਨਾਲ਼ ਇਸਤੇਮਾਲ ਕਰਨਾ ਹੈ ਨਾ ਕਿ ਇਸ ਦੇ ਗੁਲਾਮ ਬਣਨਾ ਹੈ । ਇੱਕ ਹੋਰ ਅਹਿਮ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਤਕਨੀਕ ਅਧਿਆਪਕ ਦਾ ਬਦਲ ਨਹੀਂ ਹੋਣੀ ਚਾਹੀਦੀ ਬਲਕਿ ਅਧਿਆਪਕ ਦੀ ਸਮਰਥਾ ਹੋਣੀ ਚਾਹੀਦੀ ਹੈ । ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੁੱਜੇ ਪ੍ਰੋ. ਨੰਦਿਤਾ ਸਿੰਘ ਨੇ ਕਿਹਾ ਕਿ ਸਾਨੂੰ ਵਿੱਦਿਆ ਦੇ ਪਰਉਪਕਾਰੀ ਹੋਣ ਦੇ ਸੰਕਲਪ ਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀ ਸ਼ਲਾਘਾ ਕਰਦਿਆਂ ਇਸ ਵਿੱਚ ਆਧੁਨਿਕ ਅਤੇ ਵਿਰਾਸਤੀ ਤੱਤਾਂ ਦੇ ਸੁਮੇਲ ਨੂੰ ਵਿਦਿਆਰਥੀਆਂ ਦੇ ਵਿਕਾਸ ਲਈ ਲਾਹੇਵੰਦ ਦੱਸਿਆ । ਡਾਇਰੈਕਟਰ ਕਾਂਸਟੀਚੂਐਂਟ ਕਾਲਜ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਇਸ ਮੌਕੇ ਬੋਲਦਿਆਂ ਇਸ ਕਾਨਫ਼ਰੰਸ ਦੇ ਸਫਲ ਆਯੋਜਨ ਲਈ ਸੰਬੰਧਤ ਵਿਭਾਗ ਦੀ ਪ੍ਰਸ਼ੰਸ਼ਾ ਕੀਤੀ । ਉਨ੍ਹਾਂ ਕਿਹਾ ਕਿ ਸਾਇੰਸ, ਟੈਕਨੌਲਜੀ, ਗਣਿਤ ਅਤੇ ਸਿੱਖਿਆ ਦੇ ਜਿਸ ਸੰਕਲਪ ਉੱਪਰ ਇਹ ਕਾਨਫ਼ਰੰਸ ਉਲੀਕੀ ਗਈ ਸੀ, ਇਹ ਚਾਰੋਂ ਹੀ ਅਨੁਸ਼ਾਸਨ ਕਿਸੇ ਵੀ ਸਮਾਜ ਦੀ ਤਰੱਕੀ ਲਈ ਵਿਸ਼ੇਸ਼ ਅਹਿਮੀਅਤ ਰਖਦੇ ਹਨ । ਕਰਟਿਨ ਯੂਨੀਵਰਸਿਟੀ, ਪਰਥ ਤੋਂ ਪ੍ਰੋ. ਰੇਖਾ ਕੌਲ ਵੱਲੋਂ ਧੰਨਵਾਦੀ ਸ਼ਬਦ ਬੋਲਦਿਆਂ ਦੋਹਾਂ ਅਦਾਰਿਆਂ ਦੀ ਸਾਂਝ ਦੇ ਹਵਾਲੇ ਨਾਲ਼ ਆਪਣੀ ਗੱਲ ਕੀਤੀ ਗਈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਦੋਹੇਂ ਅਦਾਰਿਆਂ ਵੱਲੋਂ ਸਾਂਝੇ ਤੌਰ ਉੱਤੇ ਇਸ ਤਰ੍ਹਾਂ ਦੀਆਂ ਅਕਾਦਮਿਕ ਗਤੀਵਿਧੀਆਂ ਉਲੀਕੀਆਂ ਜਾਣਗੀਆਂ । ਵਿਭਾਗ ਮੁਖੀ ਡਾ. ਜਗਪ੍ਰੀਤ ਕੌਰ ਨੇ ਕਾਨਫ਼ਰੰਸ ਦੀ ਰਿਪੋਰਟ ਪੇਸ਼ ਕਰਦਿਆਂ ਤਿੰਨੇ ਦਿਨਾਂ ਦਾ ਸਮੁੱਚਾ ਵੇਰਵਾ ਪੇਸ਼ ਕੀਤਾ । ਉਨ੍ਹਾਂ ਦੱਸਿਆ ਕਿ ਕਾਨਫ਼ਰੰਸ ਮਿੱਥੇ ਪ੍ਰੋਗਰਾਮਾਂ ਅਨੁਸਾਰ ਸਫਲਤਾ ਪੂਰਵਕ ਨੇਪਰੇ ਚੜ੍ਹੀ ਹੈ । ਇਸ ਮੌਕੇ ਉਨ੍ਹਾਂ ਸਫਲ ਆਯੋਜਨ ਵਿੱਚ ਯੋਗਦਾਨ ਪਾਉਣ ਵਾਲ਼ੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ । ਸਿੱਖਿਆ ਅਤੇ ਸੂਚਨਾ ਫ਼ੈਕਲਟੀ ਦੇ ਡੀਨ ਪ੍ਰੋ. ਪੁਸ਼ਪਿੰਦਰ ਕੌਰ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ । ਵਿਦਾਇਗੀ ਸੈਸ਼ਨ ਦੇ ਅੰਤ ਉੱਤੇ ਕਾਨਫ਼ਰੰਸ ਵਿੱਚ ਯੋਗਦਾਨ ਪਾਉਣ ਵਾਲ਼ੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਬਲਰਾਜ ਸਿੰਘ ਸੈਣੀ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।

Related Post