
ਖੇਤੀ ਸੈਕਟਰ ਵਿੱਚ ਪੇਂਡੂ ਔਰਤਾਂ ਖ਼ਿਲਾਫ਼ ਹੁੰਦੀ ਸੰਰਚਾਨਤਮਕ ਹਿੰਸਾ ਬਾਰੇ ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਿਹਾ ਦੋ ਦਿਨਾ
- by Jasbeer Singh
- November 29, 2024

ਖੇਤੀ ਸੈਕਟਰ ਵਿੱਚ ਪੇਂਡੂ ਔਰਤਾਂ ਖ਼ਿਲਾਫ਼ ਹੁੰਦੀ ਸੰਰਚਾਨਤਮਕ ਹਿੰਸਾ ਬਾਰੇ ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਿਹਾ ਦੋ ਦਿਨਾ ਵਿਚਾਰ-ਵਟਾਂਦਰਾ ਸੰਪੰਨ -ਔਰਤਾਂ ਉੱਤੇ ਹੁੰਦੀ ਹਿੰਸਾ ਦੇ ਵੱਖ-ਵੱਖ ਪੱਖਾਂ ਉੱਤੇ ਹੋਈ ਗੱਲ ਪਟਿਆਲਾ, 29 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਅਤੇ ਅਰਥ ਸ਼ਾਸਤਰ ਵਿਭਾਗ ਵੱਲੋਂ ਖੇਤੀ ਸੈਕਟਰ ਵਿੱਚ ਪੇਂਡੂ ਔਰਤਾਂ ਖ਼ਿਲਾਫ਼ ਹੁੰਦੀ ਸੰਰਚਾਨਤਮਕ ਹਿੰਸਾ ਦੇ ਵਿਸ਼ੇ ਉੱਤੇ ਕਰਵਾਈ ਗਈ ਦੋ ਦਿਨਾ ਵਿਚਾਰ ਚਰਚਾ ਇਸ ਖੇਤਰ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਦੀ ਹੋਈ ਸਫਲਤਾਪੂਰਵਕ ਸੰਪੰਨ ਹੋ ਗਈ ਹੈ । ਸੋਸਾਇਟੀ ਫ਼ਾਰ ਪ੍ਰੋਮੋਟਿੰਗ ਪਾਰਟੀਸਿਪੇਟਿਵ ਈਕੋ ਸਿਸਟਮ ਮੈਨੇਜਮੈਂਟ (ਸੋਪੈਕੌਮ) ਅਤੇ ਮਹਿਲਾ ਕਿਸਾਨ ਅਧਿਕਾਰ ਮੰਚ (ਮਕਾਮ) ਦੇ ਸਹਿਯੋਗ ਨਾਲ਼ ਕਰਵਾਏ ਇਸ ਪ੍ਰੋਗਰਾਮ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਪੰਜਾਬ ਨਾਲ ਸੰਬੰਧਿਤ ਨਾਰੀ ਅਧਿਐਨ ਅਤੇ ਨਾਰੀ ਸੰਘਰਸ਼ ਦੇ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ । ਡਾ. ਚਰਨਜੀਤ ਕੌਰ ਬਰਾੜ ਨੇ ਕਿਹਾ ਕਿ ਘਰ ਦੇ ਆਮ ਕੰਮ ਕਾਜ ਵਿੱਚ ਔਰਤਾਂ ਉੱਤੇ ਜ਼ਿਆਦਾ ਕੰਮ ਦੀ ਜ਼ਿੰਮੇਵਾਰੀ ਥੋਪਣਾ ਵੀ ਹਿੰਸਾ ਦਾ ਹੀ ਇੱਕ ਰੂਪ ਹੈ । ਔਰਤਾਂ ਨੂੰ ਵਿਰਾਸਤੀ ਜਾਇਦਾਦ ਵਿੱਚੋਂ ਹਿੱਸਾ ਨਾ ਦੇਣ ਲਈ ਹਾਸੋਹੀਣੇ ਅਤੇ ਬੇਹੂਦਾ ਕਿਸਮ ਦੇ ਤਰਕ ਦਿੱਤੇ ਜਾਂਦੇ ਹਨ । ਉਨ੍ਹਾਂ ਕਿਹਾ ਕਿ ਔਰਤ ਨੂੰ ਆਪਣੇ ਹੱਕਾਂ ਲਈ ਇੱਕ ਲਹਿਰ ਬਣਾਉਣ ਦੀ ਲੋੜ ਹੈ । ਇਸਤਰੀ ਜਾਗ੍ਰਿਤੀ ਮੰਚ ਤੋਂ ਪੁੱਜੀ ਆਗੂ ਅਮਨ ਦਿਓਲ ਨੇ ਕਿਹਾ ਕਿ ਮਸ਼ੀਨੀ ਸੱਭਿਆਚਾਰ ਨੇ ਔਰਤਾਂ ਨੂੰ ਖੇਤੀ ਤੋਂ ਤਾਂ ਵਿਹਲਾ ਕਰ ਦਿੱਤਾ ਪਰ ਇਸ ਖੇਤਰ ਦੀਆਂ ਇਹ ਔਰਤਾਂ ਕਿਸੇ ਹੋਰ ਬਦਲਵੇਂ ਰੁਜ਼ਗਾਰ ਖੇਤਰ ਨਾਲ਼ ਨਾ ਜੁੜ ਸਕੀਆਂ ਅਤੇ ਘਰ ਤੱਕ ਮਹਿਦੂਦ ਹੋ ਗਈਆਂ । ਅਜਿਹਾ ਹੋਣਾ ਉਨ੍ਹਾਂ ਖ਼ਿਲਾਫ਼ ਹੁੰਦੀ ਸੰਰਚਨਾਤਮਕ ਹਿੰਸਾ ਦਾ ਅਧਾਰ ਬਣਿਆ । ਉਨ੍ਹਾਂ ਦਲਿਤ ਔਰਤਾਂ ਦੇ ਦਰਦ ਬਾਰੇ ਵੀ ਵਿਸ਼ੇਸ਼ ਤੌਰ ਉੱਤੇ ਗੱਲ ਕੀਤੀ । ਕਿਰਤੀ ਕਿਸਾਨ ਸੰਸਥਾ ਤੋਂ ਆਗੂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਮੌਜੂਦਾ ਖੇਤੀ ਮਾਡਲ ਨੇ ਔਰਤ ਦੀ ਸਿਹਤ ਨਾਲ਼ ਸੰਬੰਧਤ ਬਹੁਤ ਸਾਰੇ ਸੰਕਟ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਫਸਲ ਵੇਚਣ ਅਤੇ ਖਰੀਦਦਾਰੀ ਕਰਨ ਸਮੇਂ ਫੈਸਲਾ ਲੈਣ ਵਿੱਚ ਔਰਤ ਦੀ ਸ਼ਮੂਲੀਅਤ ਨਹੀਂ ਕਰਵਾਈ ਜਾਂਦੀ। ਉਨ੍ਹਾਂ ਕਿਹਾ ਕਿ ਔਰਤਾਂ ਵੱਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਦੇ ਅੰਕੜੇ ਵੀ ਠੀਕ ਢੰਗ ਨਾਲ਼ ਸਾਹਮਣੇ ਨਹੀਂ ਆਉਂਦੇ । ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਖੇਤੀ ਮਾਡਲ ਨੇ ਔਰਤ ਨੂੰ ਮਾਨਸਿਕ ਤਣਾਅ ਵਾਲ਼ੀ ਸਥਿਤੀ ਵੱਲ ਧੱਕਿਆ ਹੈ । ਇਸ ਸੈਸ਼ਨ ਦਾ ਸੰਚਾਲਨ ਕਰਦਿਆ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਜਦੋਂ ਤੱਕ ਖੇਤੀ ਮਾਡਲ ਨਾਲ਼ ਜੁੜੀ ਸਮੱਸਿਆ ਨੂੰ ਜੜ ਤੱਕ ਸਮਝ ਕੇ ਹੱਲ ਨਹੀਂ ਕੀਤਾ ਜਾਂਦਾ ਤਾਂ ਇਹ ਸਾਰੀਆਂ ਸਮੱਸਿਆਵਾਂ ਇਵੇਂ ਹੀ ਰਹਿਣਗੀਆਂ । ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਅਨੁਪਮਾ ਅਤੇ ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਹਰਪ੍ਰੀਤ ਕੌਰ ਨੇ ਦੱਸਿਆ ਕਿ ਦੂਜੇ ਦਿਨ ਗੱਲਬਾਤ ਦੇ ਦੋ ਸੈਸ਼ਨ ਕਰਵਾਏ ਗਏ। ਅੰਤਲੇ ਸੈਸ਼ਨ ਵਿੱਚ ਮੈਂਬਰ ਫੂਡ ਕਮਿਸ਼ਨ ਪ੍ਰੀਤੀ ਚਾਵਲਾ, ਪੀ. ਏ. ਯੂ. ਤੋਂ ਡਾ. ਗੁਰਉਪਦੇਸ਼ ਕੌਰ, ਸਖੀ ਸੈਂਟਰ ਤੋਂ ਡਾ. ਰੂਪਵੰਤ ਕੌਰ, ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ ਹਰਮੀਤ ਬਰਾੜ ਅਤੇ ਕਿਰਨਜੀਤ ਕੌਰ ਨੇ ਆਪਣੇ ਵਿਚਾਰ ਪ੍ਰਗਟਾਏ । ਇਸ ਸੈਸ਼ਨ ਦਾ ਸੰਚਾਲਨ ਡਾ. ਬਲਦੇਵ ਸਿੰਘ ਸ਼ੇਰਗਿੱਲ ਨੇ ਕੀਤਾ ।