

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦ ਮਾਰੇ ਗਏ ਜਿਨ੍ਹਾਂ ਵਿੱਚ ਜਥੇਬੰਦੀ ਦਾ ਇੱਕ ਆਪੂ ਬਣਿਆ ਕਮਾਂਡਰ ਵੀ ਸ਼ਾਮਲ ਸੀ। ਕਸ਼ਮੀਰ ਦੇ ਪੁਲੀਸ ਇੰਸਪੈਕਟਰ ਜਨਰਲ ਵੀ ਕੇ ਬਿਰਧੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਨਿਹਾਮਾ ਇਲਾਕੇ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਗੋਲੀਬਾਰੀ ਹੋਈ ਜਿਸ ਵਿੱਚ ਰਿਆਜ਼ ਡਾਰ ਅਤੇ ਰਈਸ ਡਾਰ ਦੀ ਮੌਤ ਹੋ ਗਈ। ਰਿਆਜ਼ ਡਾਰ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਸੀ ਅਤੇ ਕਈ ਦਹਿਸ਼ਤੀ ਮਾਮਲਿਆਂ ਵਿੱਚ ਲੋੜੀਂਦਾ ਸੀ। ਉਹ ਕਈ ਸਾਲਾਂ ਤੋਂ ਫਰਾਰ ਚੱਲ ਰਿਹਾ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉੱਥੇ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਕਾਰਵਾਈ ਸ਼ੁਰੂ ਕੀਤੀ ਸੀ।