post

Jasbeer Singh

(Chief Editor)

Patiala News

'ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ ਪੰਦਰਵਾੜਾ'

post-img

'ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ ਪੰਦਰਵਾੜਾ' -ਡਿਪਟੀ ਕਮਿਸ਼ਨਰ ਵੱਲੋਂ ਐਮ.ਆਰ.ਐਫ., ਕੂੜੇ ਦੇ ਡੰਪ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਜਾਇਜ਼ਾ -ਲੋਕਾਂ ਨੂੰ ਕੂੜੇ ਦੇ ਵਾਤਾਵਰਣ ਪੱਖੀ ਨਿਪਟਾਰੇ ਲਈ ਸਹਿਯੋਗ ਦੇਣ ਦੀ ਅਪੀਲ -ਗਿੱਲਾ ਤੇ ਸੁੱਕਾ ਕੂੜਾ ਘਰਾਂ ਤੋਂ ਹੀ ਵੱਖ-ਵੱਖ ਕੀਤਾ ਜਾਵੇ-ਡਾ. ਪ੍ਰੀਤੀ ਯਾਦਵ -ਕਿਹਾ, ਪਟਿਆਲਾ ਨੂੰ ਸਾਫ਼-ਸੁੱਥਰਾ ਤੇ ਹਰਿਆ-ਭਰਿਆ ਬਣਾਉਣ ਲਈ ਆਪਣੀ ਜਿੰਮੇਵਾਰੀ ਨਿਭਾਵੇ ਹਰ ਨਾਗਰਿਕ ਪਟਿਆਲਾ, 18 ਸਤੰਬਰ : ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਸਵੱਛ ਭਾਰਤ ਮਿਸ਼ਨ ਤਹਿਤ 'ਸਵੱਛਤਾ ਹੀ ਸੇਵਾ' ਦੇ ਚੱਲ ਰਹੇ ਪੰਦਰਵਾੜੇ ਦੌਰਾਨ ਨਗਰ ਨਿਗਮ ਪਟਿਆਲਾ ਦੇ ਐਮ.ਆਰ.ਐਫ. (ਮੈਟੀਰੀਅਲ ਰਿਕਵਰੀ ਫੈਸਿਲਟੀ) ਸੈਂਟਰ ਫੋਕਲ ਪੁਆਇੰਟ, ਜਿੱਥੇ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕੀਤਾ ਜਾਂਦਾ ਹੈ ਦਾ ਦੌਰਾ ਕੀਤਾ। ਇਸੇ ਦੌਰਾਨ ਡੀ.ਸੀ. ਨੇ ਸਨੌਰ ਰੋਡ 'ਤੇ ਸਥਿਤ ਕੂੜੇ ਦੇ ਡੰਪ ਦਾ ਵੀ ਜਾਇਜ਼ਾ ਲਿਆ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਵੀ ਦੌਰਾ ਕੀਤਾ। ਉਨ੍ਹਾਂ ਦੇ ਨਾਲ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਅਤੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਬਬਨਦੀਪ ਸਿੰਘ ਵਾਲੀਆ ਵੀ ਮੌਜੂਦ ਸਨ । ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਅਤੇ ਖਾਸ ਕਰਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੂੜਾ ਘਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਇਸ ਲਈ ਕੇਵਲ ਕੁਝ ਕੁ ਗੱਲਾਂ ਦਾ ਧਿਆਨ ਰੱਖਣ, ਜਿਸ ਨਾਲ ਕੂੜੇ ਦਾ ਨਿਪਟਾਰਾ ਸੁਚੱਜੇ ਤੇ ਵਾਤਾਵਰਣ ਪੱਖੀ ਢੰਗ ਨਾਲ ਸਹਿਜੇ ਹੀ ਕੀਤਾ ਜਾ ਸਕੇਗਾ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜੇਕਰ ਹਰ ਨਾਗਰਿਕ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪਣੇ ਘਰਾਂ ਵਿੱਚ ਪੈਦਾ ਹੁੰਦੇ ਕੂੜੇ ਨੂੰ ਪਹਿਲਾਂ ਤਾਂ ਘਟਾਵੇ ਅਤੇ ਦੂਜਾ ਇਸ ਨੂੰ 100 ਫੀਸਦੀ ਗਿੱਲਾ ਤੇ ਸੁੱਕਾ ਵੱਖ-ਵੱਖ ਕਰਨਾ ਯਕੀਨੀ ਬਣਾਏ ਅਤੇ ਤੀਸਰੀ ਮਹੱਤਵਪੂਰਨ ਗੱਲ, ਦੁਬਾਰਾ ਵਰਤੀ ਜਾਣ ਵਾਲੀਆਂ ਵਸਤਾਂ ਨੂੰ ਰੀਸਾਇਕਲ ਕਰਨ ਲਈ ਭੇਜੇ ਤਾਂ ਅਸੀਂ ਪਟਿਆਲਾ ਨੂੰ ਕੂੜਾ ਮੁਕਤ ਕਰਕੇ ਹਰਿਆ-ਭਰਿਆ ਤੇ ਸਾਫ਼-ਸੁੱਥਰਾ ਬਣਾ ਸਕਦੇ ਹਾਂ । ਉਨ੍ਹਾਂ ਨੇ ਲੋਕਾਂ ਨੂੰ ਬੂਟੇ ਲਾਉਣ ਲਈ ਵੀ ਪ੍ਰੇਰਿਤ ਕੀਤਾ। ਪ੍ਰੀਤੀ ਯਾਦਵ ਨੇ ਨਗਰ ਨਿਗਮ ਨੂੰ ਇੱਥੇ ਫੋਕਲ ਪੁਆਇੰਟ ਵਿਖੇ 10 ਟਨ ਪ੍ਰਤੀ ਦਿਨ ਸਮਰੱਥਾ ਵਾਲੇ ਮੈਟੀਰੀਅਲ ਤੇ ਰਿਕਵਰੀ ਫੈਸਿਲਟੀ ਤੇ ਪਲਾਸਟਿਕ ਰੀਸਾਇਕਲਿੰਗ ਫੈਸਿਲਟੀ ਦਾ ਪੂਰਾ ਲਾਭ ਲੈਣ ਲਈ ਆਖਿਆ। ਉਨ੍ਹਾਂ ਕਿਹਾ ਕਿ ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਸ਼ਹਿਰ ਵਿੱਚੋਂ ਗਿੱਲਾ ਤੇ ਸੁੱਕਾ ਕੂੜਾ 100 ਫੀਸਦੀ ਵੱਖੋ-ਵੱਖ ਕਰਕੇ ਹੀ ਇਕੱਠਾ ਕੀਤਾ ਜਾਵੇ ਤਾਂ ਕਿ ਕੂੜੇ ਦੇ ਢੇਰ ਨਾ ਲੱਗਣ। ਉਨ੍ਹਾਂ ਕਿਹਾ ਕਿ ਐਮ.ਆਰ.ਐਫ. ਨੂੰ ਹੋਰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਤਾਂ ਕਿ ਸ਼ਹਿਰ ਦਾ ਸਾਰਾ ਕੂੜਾ ਹੀ ਇੱਥੇ ਆਵੇ ਤੇ ਕੂੜੇ ਦਾ ਵਾਤਾਵਰਣ ਪੱਖੀ ਢੰਗ ਨਾਲ ਸਹੀ ਨਿਪਟਾਰਾ ਕੀਤਾ ਜਾ ਸਕੇ । ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸਨੌਰ ਰੋਡ 'ਤੇ ਡੰਪ ਸਾਇਟ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਕੂੜੇ ਦੇ ਇਸ ਢੇਰ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਪ੍ਰੀਤੀ ਯਾਦਵ ਨੇ ਐਸ.ਟੀ.ਪੀ. ਰਾਹੀਂ ਟ੍ਰੀਟ ਕੀਤੇ ਜਾ ਰਹੇ ਸੀਵਰੇਜ ਦੇ ਪਾਣੀ ਦਾ ਸੈਂਪਲ ਚੈਕ ਕੀਤਾ ਅਤੇ ਇਸ ਨੂੰ ਸਾਫ਼ ਕੀਤੇ ਜਾਣ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ, ਚੀਫ਼ ਸੈਨੇਟੇਰੀ ਇੰਸਪੈਕਟਰ ਸੰਜੀਵ ਕੁਮਾਰ ਤੇ ਹੋਰ ਅਧਿਕਾਰੀ ਮੌਜੂਦ ਸਨ ।

Related Post