post

Jasbeer Singh

(Chief Editor)

Patiala News

ਅਲਕਾ ਲਾਂਬਾ ਦੀ ਅਗਵਾਈ ਹੇਠ 29 ਜੁਲਾਈ ਨੂੰ ਸੰਸਦ ਦਾ ਘਿਰਾਓ ਕਰੇਗੀ ਮਹਿਲਾ ਕਾਂਗਰਸ: ਰੰਧਾਵਾ

post-img

ਅਲਕਾ ਲਾਂਬਾ ਦੀ ਅਗਵਾਈ ਹੇਠ 29 ਜੁਲਾਈ ਨੂੰ ਸੰਸਦ ਦਾ ਘਿਰਾਓ ਕਰੇਗੀ ਮਹਿਲਾ ਕਾਂਗਰਸ: ਰੰਧਾਵਾ ਮਹਿਲਾ ਰਿਜਰਵੇਸ਼ਨ ਸਮੇਤ ਕਈ ਵਾਅਦਿਆਂ ਤੋਂ ਭੱਜ ਰਹੀ ਹੈ ਮੋਦੀ ਸਰਕਾਰ। ਪਟਿਆਲਾ ਜੁਲਾਈ ( ) ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪਟਿਆਲਾ ਦੇ ਰੋਇਲ ਕਿਚਨ ਹੋਟਲ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਲ ਇੰਡੀਆ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਦੀ ਅਗਵਾਈ ਹੇਠ 29 ਜੁਲਾਈ ਸਮੁੱਚੀ ਮਹਿਲਾ ਕਾਂਗਰਸ ਜੰਤਰ ਮੰਤਰ ਵਿਖੇ ਮਹਿਲਾਵਾਂ ਦੀਆਂ ਮੰਗਾਂ ਨੂੰ ਲੈ ਕੇ ਇਕ ਵੱਡਾ ਰੋਸ ਪ੍ਰਦਰਸ਼ਨ ਕਰੇਗੀ ਜਿਸ ਉਪਰੰਤ ਉਹ ਸੰਸਦ ਦਾ ਘਿਰਾਓ ਕਰਨ ਲਈ ਅੱਗੇ ਵਧਣਗੇ। ਬੀਬੀ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਹਿਲਾ ਰਿਜ਼ਰਵੇਸ਼ਨ ਬਿਲ ਨੂੰ ਸੰਸਦ ਵਿੱਚ ਪਾਸ ਤਾਂ ਕਰ ਦਿੱਤਾ ਪਰ ਜਨਗਨਨਾ ਤੋਂ ਬਾਅਦ ਲਾਗੂ ਕਰਨ ਦਾ ਝੂਠਾ ਵਾਅਦਾ ਕਰਕੇ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਦੀ ਮਹਿਲਾ ਆਪਣਾ ਘਰ ਚਲਾਉਣ ਲਈ ਮਹਿੰਗਾਈ ਨਾਲ ਜੂਝ ਰਹੀ ਹੈ ਜਿਸਦੇ ਲਈ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਦੀ ਜਰੂਰਤ ਹੈ ਪਰ ਮੋਦੀ ਸਰਕਾਰ ਨੂੰ ਇਸਦੀ ਕੋਈ ਪਰਵਾਹ ਨਹੀਂ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਅੱਜ ਦੇਸ਼ ਦੀ ਮਹਿਲਾ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੀ ਹੈ ਕਿਉਂਕਿ ਨਿਤ ਦਿਨ ਦੇਸ਼ ਭਰ ਤੋਂ ਔਰਤਾਂ ਨਾਲ ਯੋਨ ਸ਼ੋਸ਼ਣ, ਉਤਪੀੜਨ ਵਰਗੀਆਂ ਦਿਲ ਕੰਬਾਊ ਘਟਨਾਵਾਂ ਵਾਪਰ ਰਹੀਆਂ ਹਨ । ਉਹਨਾਂ ਕਿਹਾ ਕਿ ਬੀਤੇ ਦਿਨੀਂ ਭਾਜਪਾ ਸ਼ਾਸਿਤ ਰਾਜ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਦੋ ਭੈਣਾਂ ਅਪਣਾ ਜ਼ਮੀਨੀ ਹੱਕ ਮੰਗ ਰਹੀਆਂ ਸਨ ਤਾਂ ਉਹਨਾਂ ਨੂੰ ਜਮੀਨ ਵਿੱਚ ਹੀ ਗੱਡ ਦਿੱਤਾ ਗਿਆ ਜਿਸਦੇ ਬਾਰੇ ਸੁਣ ਕੇ ਸਾਡੇ ਦੇਸ਼ ਦਾ ਸਿਰ ਦੁਨੀਆਂ ਭਰ ਵਿੱਚ ਸ਼ਰਮ ਨਾਲ ਝੁੱਕ ਗਿਆ ਹੈ। ਓਨ੍ਹਾਂ ਕਿਹਾ ਕਿ ਪ੍ਰਬਲ ਰਵੰਨਾ ਵਰਗੇ ਦੋਸ਼ੀ ਜਿਨਾਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਓਨ੍ਹਾਂ ਦੇ ਹੱਕ ਵਿੱਚ ਮੋਦੀ ਜੀ ਚੋਣ ਜਲਸੇ ਸੰਬੋਧਨ ਕਰਦੇ ਨਜ਼ਰ ਆਏ। ਇਸ ਤੋਂ ਪਹਿਲਾਂ ਦੇਸ਼ ਦੀਆਂ ਪਹਿਲਵਾਨ ਬੇਟੀਆਂ ਨਾਲ ਵੱਡਾ ਵਿਤਕਰਾ ਕੀਤਾ ਗਿਆ। ਓਨ੍ਹਾਂ ਦੇ ਦੋਸ਼ੀ ਬ੍ਰਿਸ਼ਭੂਸ਼ਣ ਨੂੰ ਸਜ਼ਾ ਦੇਣ ਦੀ ਜਗ੍ਹਾ ਬ੍ਰਿਸ਼ਭੂਸ਼ਣ ਦੇ ਪੁੱਤਰ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਗਈ। ਮਨੀਪੁਰ ਦੀਆਂ ਬੇਟੀਆਂ ਨੂੰ ਨੰਗਾ ਕਰਕੇ ਸੜਕਾਂ ਤੇ ਘੁਮਾਇਆ ਗਿਆ ਪਰ ਦੋਸ਼ੀ ਅੱਜ ਭਾਜਪਾ ਦੀ ਸਰਕਾਰ ਦਾ ਆਨੰਦ ਮਾਨ ਰਹੇ ਹਨ। ਇਹਨਾਂ ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਮੋਦੀ ਸਰਕਾਰ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਬਿਲਕੁਲ ਵੀ ਚਿੰਤਿਤ ਨਹੀਂ ਹੈ ਉਲਟਾ ਦੋਸ਼ੀਆਂ ਨੂੰ ਸ਼ਹਿ ਦੇ ਰਹੀ ਹੈ । ਬੀਬੀ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤੁਰੰਤ ਮਹਿਲਾ ਰਿਜ਼ਰਵੇਸ਼ਨ ਬਿੱਲ ਲਾਗੂ ਕਰਕੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਔਰਤਾਂ ਲਈ 33% ਕੋਟਾ ਯਕੀਨੀ ਬਣਾਉਣਾ ਚਾਹੀਦਾ ਹੈ ਜਿਸਨਾਲ ਮਹਿਲਾਵਾਂ ਨੂੰ ਵੱਡੀ ਰਾਹਤ ਮਿਲੇਗੀ। ਓਨ੍ਹਾਂ ਕਿਹਾ ਦੇਸ਼ ਦੀ ਹਰ ਔਰਤ ਨੂੰ ਸੁਰੱਖਿਆ ਦੀ ਗਰੰਟੀ ਦੇਣੀ ਚਾਹੀਦੀ ਹੈ ਅਤੇ ਲੱਕ ਤੋੜ ਮਹਿੰਗਾਈ ਉੱਤੇ ਕਾਬੂ ਪਾਉਣਾ ਚਾਹੀਦਾ ਹੈ। ਇਨ੍ਹਾਂ ਮੁੱਦਿਆਂ ਨੂੰ ਲੈਕੇ ਆਲ ਇੰਡੀਆ ਮਹਿਲਾ ਕਾਂਗਰਸ 29 ਜੁਲਾਈ ਨੂੰ ਜੰਤਰ ਮੰਤਰ ਵਿਖੇ ਰੋਸ ਪ੍ਰਦਰਸ਼ਨ ਕਰ ਰਹੀ ਹੈ ਜਿਸ ਵਿੱਚ ਪੰਜਾਬ ਤੋਂ ਸੈਂਕੜੇ ਮਹਿਲਾਵਾਂ ਸ਼ਾਮਿਲ ਹੋਣਗੀਆਂ। ਓਨ੍ਹਾਂ ਪੰਜਾਬ ਮਹਿਲਾ ਕਾਂਗਰਸ ਦੀ ਸਮੁੱਚੀ ਟੀਮ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲਾ ਮਹਿਲਾ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਕੌਰ ਭੱਠਲ, ਸ਼ਹਿਰੀ ਪ੍ਰਧਾਨ ਰੇਖਾ ਅਗਰਵਾਲ, ਭੁਪਿੰਦਰ ਕੌਰ ਕੌਰਜੀਵਾਲਾ, ਮਨਦੀਪ ਚੌਹਾਨ, ਯਾਮਿਨੀ ਵਰਮਾ, ਪੁਸ਼ਪਿੰਦਰ ਕੌਰ ਡੋਲੀ ਗਿੱਲ, ਲਤਾ ਵਰਮਾ, ਗੁਰਪ੍ਰੀਤ ਬੈਦਵਾਣ, ਜਸਵਿੰਦਰ ਰੰਧਾਵਾ ਸਮੇਤ ਕਈ ਕਾਂਗਰਸੀ ਆਗੂ ਹਾਜ਼ਰ ਸਨ।

Related Post