ਰੋਜ਼ਗਾਰ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਬੇਰੋਜਗਾਰ ਲੜਕੀ ਨੇ ਕੀਤੀ ਖੁਦਕੁਸ਼ੀ
ਧੂਰੀ, 19 ਜੂਨ 2026 : ਪੰਜਾਬ ਦੇ ਸੰਗਰੂਰ-ਲੁਧਿਆਣਾ ਹਾਈਵੇਅ ‘ਤੇ ਸਥਿਤ ਧੂਰੀ ਰੋਡ ਰੇਲਵੇ ਓਵਰਬ੍ਰਿਜ ਤੋਂ ਇਕ ਲੜਕੀ ਵਲੋਂ ਖੁਦਕੁਸ਼ੀ (Suicide) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।
ਕੌਣ ਹੈ ਇਹ ਲੜਕੀ
ਮਿਲੀ ਜਾਣਕਾਰੀ ਅਨੁਸਾਰ ਸੰਗਰੂਰ-ਲੁਧਿਆਣਾ ਹਾਈਵੇਅ ‘ਤੇ ਸਥਿਤ ਧੂਰੀ ਰੋਡ ਰੇਲਵੇ ਓਵਰਬ੍ਰਿਜ (Railway overbridge) ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਜੋ ਘਟਨਾਕ੍ਰਮ ਵਾਪਰਿਆ ਹੈ ਵਿਚ ਮੌਤ ਦੇ ਘਾਟ ਉਤਰਨ ਵਾਲੀ ਲੜਕੀ ਦੀ ਪਛਾਣ ਰਜਨੀ ਦੇ ਤੌਰ 'ਤੇ ਹੋਈ ਹੈ । ਜਾਣਕਾਰੀ ਮੁਤਾਬਕ ਉਕਤ ਕਦਮ ਲੜਕੀ ਨੇ ਰੁਜ਼ਗਾਰ ਨਾ ਮਿਲਣ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ (Mentally disturbed) ਹੋ ਕੇ ਚੁੱਕਿਆ ਗਿਆ ਦੱਸਿਆ ਜਾ ਰਿਹਾ ਹੈ । ਪੁਲਸ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿੱਚ ਕਿਸੇ ਵੀ ਹੋਰ ਹਾਦਸੇ ਜਾਂ ਸਾਜਿ਼ਸ਼ ਤੋਂ ਇਨਕਾਰ ਕਰਦਿਆਂ ਇਸ ਮਾਮਲੇ ਨੂੰ ਖ਼ੁਦਕੁਸ਼ੀ ਦੱਸਿਆ ਗਿਆ ਹੈ । ਮ੍ਰਿਤਕਾ ਕੋਲੋਂ ਮੌਕੇ ‘ਤੇ ਕੋਈ ਵੀ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ ।
ਕੀ ਜਾਣਕਾਰੀ ਦਿੱਤੀ ਉਪ-ਕਪਤਾਨ ਨੇ
ਪੰਜਾਬ ਦੇ ਜਿਲਾ ਸੰਗਰੂਰ ਦੇ ਉਪ-ਕਪਤਾਨ ਪੁਲਸ ਦਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਧੂਰੀ ਰੋਡ ਓਵਰਬ੍ਰਿਜ ਨੇੜੇ ਇੱਕ ਲੜਕੀ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਸੀ । ਪੁਲਸ ਵਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਲੜਕੀ ਦੀ ਪਛਾਣ ਰਜਨੀ (24) ਵਜੋਂ ਹੋਈ ਹੈ, ਜੋ ਕਿ ਧੂਰੀ ਦੀ ਰਹਿਣ ਵਾਲੀ ਸੀ । ਜਾਂਚ ਮੁਤਾਬਕ ਰਜਨੀ ਬੁੱਧਵਾਰ ਨੂੰ ਸੰਗਰੂਰ ਵਿਖੇ ਇੱਕ ਨਿੱਜੀ ਕੰਪਨੀ ਵਿੱਚ ਰੁਜ਼ਗਾਰ ਲਈ ਇੰਟਰਵਿਊ ਦੇਣ ਆਈ ਸੀ, ਪਰ ਇੰਟਰਵਿਊ ਵਿੱਚ ਸਫ਼ਲ ਨਾ ਹੋ ਸਕੀ । ਨੌਕਰੀ ਨਾ ਮਿਲਣ ਕਰਕੇ ਉਹ ਗੰਭੀਰ ਮਾਨਸਿਕ ਤਣਾਅ ਵਿੱਚ ਆ ਗਈ ਅਤੇ ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਓਵਰਬ੍ਰਿਜ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।
ਕੀ ਜਾਣਕਾਰੀ ਸਾਂਝੀ ਕੀਤੀ ਪਰਿਵਾਰਕ ਮੈਂਬਰਾਂ ਨੇ
ਪੁਲਸ ਅਨੁਸਾਰ ਮ੍ਰਿਤਕ ਲੜਕੀ ਧੂਰੀ ਵਿਖੇ ਆਪਣੀ ਵੱਡੀ ਭੈਣ ਦੀਪਿਕਾ ਅਤੇ ਜੀਜਾ ਓਮ ਸ਼ੰਕਰ ਕੋਲ ਰਹਿੰਦੀ ਸੀ। ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਰਜਨੀ ਲੰਮੇ ਸਮੇਂ ਤੋਂ ਰੁਜ਼ਗਾਰ ਨਾ ਮਿਲਣ ਕਾਰਨ ਮਾਨਸਿਕ ਤੌਰ `ਤੇ ਕਾਫੀ ਪ੍ਰੇਸ਼ਾਨ ਰਹਿੰਦੀ ਸੀ । ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੂੰ ਰਜਨੀ ਦੀ ਮੌਤ `ਤੇ ਕਿਸੇ ਵੀ ਵਿਅਕਤੀ ਉੱਪਰ ਕੋਈ ਸ਼ੱਕ ਨਹੀਂ ਹੈ ।
ਪੋਸਟਮਾਰਟਮ ਰਿਪੋਰਟ ਆਉਣ 'ਤੇ ਕੀਤੀ ਜਾਵੇਗੀ ਅਗਲੀ ਕਾਰਵਾਈ
ਡੀ. ਐਸ. ਪੀ. ਦਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੀ ਭੈਣ ਦੇ ਬਿਆਨਾਂ ਦੇ ਆਧਾਰ `ਤੇ ਧਾਰਾ 194 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ । ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਪੁਲਸ ਅਧਿਕਾਰੀ ਨੇ ਦੱਸਿਆ ਕਿ ਜੇਕਰ ਪੋਸਟਮਾਰਟਮ (Postmortem) ਦੀ ਰਿਪੋਰਟ ਵਿੱਚ ਕੋਈ ਹੋਰ ਤੱਥ ਜਾਂ ਸ਼ੱਕੀ ਗੱਲ ਸਾਹਮਣੇ ਆਉਂਦੀ ਹੈ, ਤਾਂ ਉਸ ਮੁਤਾਬਕ ਕਾਨੂੰਨ ਅਨੁਸਾਰ ਅਗਲੇਰੀ ਸਖ਼ਤ ਕਾਰਵਾਈ ਕੀਤੀ ਜਾਵੇਗੀ ।
