ਬੇਰੋਜ਼ਗਾਰ ਲਾਈਨਮੈਨ ਮੰਗਾਂ ਮਨਵਾਉਣ ਨੂੰ ਲੈ ਕੇ ਟਾਵਰ 'ਤੇ ਚੜ੍ਹੇ
- by Jasbeer Singh
- June 9, 2026
ਬੇਰੋਜ਼ਗਾਰ ਲਾਈਨਮੈਨ ਮੰਗਾਂ ਮਨਵਾਉਣ ਨੂੰ ਲੈ ਕੇ ਟਾਵਰ 'ਤੇ ਚੜ੍ਹੇ
ਪਟਿਆਲਾ, 9 ਜੂਨ 2026 : ਪਟਿਆਲਾ-ਸੰਗਰੂਰ ਰੋਡ (Patiala-Sangrur Road) 'ਤੇ ਸਥਿਤ ਇਕ ਟਾਵਰ ਤੇ ਅੱਜ ਬੇਰੋਜ਼ਗਾਰ ਲਾਈਨਮੈਨ ਆਪਣੀਆਂ ਮੰਗਾਂ ਮਨਵਾਉਣ ਨੂੰ ਲੈ ਕੇ ਟਾਵਰ 'ਤੇ ਚੜ੍ਹ ਗਏ ਹਨ ।
ਸੰਘਰਸ਼ ਨੂੰ ਤੇਜ ਕਰਦਿਆਂ ਬੇਰੋਜਗਾਰ ਲਾਈਨਮੈਨ ਚੜ੍ਹੇ ਟਾਵਰ ਤੇ
ਮਿਲੀ ਜਾਣਕਾਰੀ ਮੁਤਾਬਕ ਆਪਣੀਆਂ ਮੰਗਾਂ ਮਨਾਉਣ ਲਈ 2600 ਅਪ੍ਰੈਂਟਸਿਪ ਲਾਈਨਮੈਨ ਯੂਨੀਅਨ ਦਾ ਸੰਘਰਸ਼ ਹੋਰ ਤੇਜ਼ ਹੋ ਗਿਆ । ਜਿਸਦੇ ਚਲਦਿਆਂ ਜਿਥੇ ਯੂਨੀਅਨ ਵੱਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਪੱਕਾ ਮੋਰਚਾ ਲਗਾਇਆ ਹੋਇਆ ਹੈ ਦੇ ਕੁਝ ਨੌਜਵਾਨ ਪਟਿਆਲਾ ਸੰਗਰੂਰ ਰੋਡ `ਤੇ ਬਣੇ ਗੁਰਦੁਆਰਾ ਪਰਮੇਸ਼ਵਰ ਦੁਆਰ ਅੱਗੇ ਅਚਾਨਕ ਉੱਚੇ ਬਿਜਲੀ ਟਾਵਰ `ਤੇ ਚੜ੍ਹ ਗਏ, ਜਿਸ ਕਾਰਨ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ ।
ਨੌਜਵਾਨਾਂ ਨੂੰ ਹੇਠਾਂ ਉਤਾਰਨ ਲਈ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੀਤੀ ਕੋਸਿ਼ਸ਼
ਮੌਕੇ `ਤੇ ਤਾਇਨਾਤ ਪੁਲਸ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਟੀਮਾਂ ਨੇ ਨੌਜਵਾਨਾਂ ਨੂੰ ਹੇਠਾਂ ਉਤਾਰਨ ਲਈ ਮਨਾਉਣ ਦੀ ਕੋਸਿ਼ਸ਼ ਕੀਤੀ । ਟਾਵਰ `ਤੇ ਚੜ੍ਹੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ । ਯੂਨੀਅਨ ਆਗੂਆਂ ਨੇ ਦੱਸਿਆ ਕਿ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਉਨ੍ਹਾਂ ਦਾ ਪੱਕਾ ਮੋਰਚਾ ਤੇ ਮਰਨ ਵਰਤ ਕਈ ਦਿਨਾਂ ਤੋਂ ਜਾਰੀ ਹੈ, ਪਰ ਸਰਕਾਰ ਅਤੇ ਪਾਵਰਕਾਮ ਮੈਨੇਜਮੈਟ (Powercom Management) ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੀਆਂ ਜਾਇਜ਼ ਮੰਗਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ ।
ਮੰਗਾਂ ਮਨਵਾਉਣ ਲਈ ਹੋਰ ਵੀ ਤਿੱਖਾ ਕੀਤਾ ਜਾਵੇਗਾ ਸੰਘਰਸ਼
ਆਗੂਆਂ ਨੇ ਇਹ ਵੀ ਯਾਦ ਕਰਵਾਇਆ ਕਿ ਪਿਛਲੇ ਦਿਨੀਂ ਮੋਰਚੇ ਦੌਰਾਨ ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ `ਤੇ ਲਾਠੀਚਾਰਜ ਕੀਤਾ ਗਿਆ ਸੀ ਜਿਸ ਵਿਚ ਕਈ ਨੌਜਵਾਨ ਜ਼ਖ਼ਮੀ ਹੋਏ ਸਨ। ਇਸ ਕਾਰਵਾਈ ਕਾਰਨ ਬੇਰੁਜ਼ਗਾਰਾਂ ਵਿੱਚ ਸਰਕਾਰ ਖਿ਼ਲਾਫ਼ ਹੋਰ ਰੋਸ ਪੈਦਾ ਹੋਇਆ ਹੈ । ਟਾਵਰ `ਤੇ ਚੜ੍ਹੇ ਨੌਜਵਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਸਬੰਧੀ ਸਕਾਰਾਤਮਕ ਫ਼ੈਸਲਾ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜਿ਼ੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ । ਮੌਕੇ `ਤੇ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਨੌਜਵਾਨ(Unemployed youth) ਟਾਵਰ ਦੇ ਹੇਠਾਂ ਵੀ ਮੌਜੂਦ ਰਹੇ ।
