
ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਲਈ ਵੈਨਾਂ ਨੂੰ ਕੀਤਾ ਰਵਾਨਾ
- by Jasbeer Singh
- September 18, 2025

ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਲਈ ਵੈਨਾਂ ਨੂੰ ਕੀਤਾ ਰਵਾਨਾ -ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਖੇਤਾਂ 'ਚ ਹੀ ਮਿਲਾਉਣ : ਡਿਪਟੀ ਕਮਿਸ਼ਨਰ -ਕਿਹਾ, ਇਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਨਾਲ ਕੀਤਾ ਜਾਵੇ ਪਰਾਲੀ ਦਾ ਨਿਪਟਾਰਾ -ਵਾਤਾਵਰਣ ਨੂੰ ਗੰਧਲੇ ਹੋਣ ਤੋਂ ਬਚਾਉਣ ਲਈ ਰਲਕੇ ਹੰਭਲਾ ਮਾਰਨ ਦੀ ਲੋੜ : ਡਾ. ਪ੍ਰੀਤੀ ਯਾਦਵ ਪਟਿਆਲਾ, 18 ਸਤੰਬਰ 2025 : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ 'ਚ ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਹੋਰ ਰਹਿੰਦ ਖੂੰਹਦ ਨੂੰ ਅੱਗ ਲਾਉਣ ਨਾਲ ਹੁੰਦੇ ਨੁਕਸਾਨ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਤਿਆਰ ਕੀਤੀਆਂ ਗਈਆਂ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵੈਨਾਂ ਅਗਲੇ 40 ਦਿਨ ਜ਼ਿਲ੍ਹੇ ਦੇ 934 ਪਿੰਡਾਂ 'ਚ ਜਾ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨਗੀਆਂ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਝੋਨੇ ਦੀ ਵਾਢੀ ਦਾ ਸੀਜਨ ਸ਼ੁਰੂ ਹੋ ਗਿਆ ਹੈ ਇਸ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਤਹਿਤ ਜਿਥੇ ਹਰ ਪਿੰਡ 'ਚ ਕਿਸਾਨਾਂ ਤੇ ਖੇਤੀ ਕਰਨ ਵਾਲਿਆਂ ਨੂੰ ਕੈਂਪ ਲਗਾਕੇ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਜਾਗਰੂਕਤਾ ਵੈਨਾਂ ਰਾਹੀਂ ਵੀ ਕਿਸਾਨਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ । ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ 'ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਕਰਕੇ ਜਿੱਥੇ ਮਨੁੱਖੀ ਸਿਹਤ ਸਾਂਹ ਸਮੇਤ ਹੋਰ ਘਾਤਕ ਬਿਮਾਰੀਆਂ ਦੀ ਸ਼ਿਕਾਰ ਬਣਦੀ ਹੈ, ਉਥੇ ਹੀ ਜਮੀਨ ਵਿਚਲੇ ਮਿੱਤਰ ਕੀੜਿਆਂ ਦੇ ਸਾੜੇ ਜਾਣ ਸਮੇਤ ਹੋਰ ਪਸ਼ੂ-ਪੰਛੀ ਵੀ ਇਸਦੀ ਲਪੇਟ 'ਚ ਆਉਣ ਕਰਕੇ ਅਲੋਪ ਹੋਣ ਦੀ ਕਗਾਰ 'ਤੇ ਪੁੱਜ ਜਾਂਦੇ ਹਨ । ਉਨ੍ਹਾਂ ਦੱਸਿਆ ਕਿ 1 ਟਨ ਪਰਾਲੀ ਨੂੰ ਜਮੀਨ 'ਚ ਮਿਲਾਉਣ ਨਾਲ ਨਾਈਟ੍ਰੋਜਨ, ਸਲਫ਼ਰ, ਪੋਟਾਸ਼, ਜੈਵਿਕ ਕਾਰਬਨ ਆਦਿ ਮਿਲਦੇ ਹਨ, ਜਿਸ ਨਾਲ ਕਿਸਾਨ ਦਾ ਪ੍ਰਤੀ ਏਕੜ 1500 ਤੋਂ 2000 ਰੁਪਏ ਖਰਚਾ ਬਚਦਾ ਹੈ। ਜਦੋਂਕਿ ਅੱਗ ਲਾਉਣ ਨਾਲ ਇਹੋ ਤੱਤ ਸੜ ਜਾਣ ਕਰਕੇ ਮਿਟੀ ਦੇ ਖੁਰਾਕੀ ਤੱਤ ਵੀ ਖ਼ਤਮ ਹੋ ਜਾਂਦੇ ਹਨ । ਐਨਾ ਹੀ ਨਹੀਂ ਸਮੁੱਚਾ ਵਾਤਾਵਰਣ ਵੀ ਗੰਧਲਾ ਹੋਣ ਕਰਕੇ ਸਾਡੇ ਜੀਵਨ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀ (ਸੀ. ਆਰ. ਐਮ.) ਫ਼ਸਲਾਂ ਦੀ ਰਹਿੰਦ ਖੂੰਹਦ ਦੀ ਸੰਭਾਲ ਸਬੰਧੀਂ ਸਕੀਮ ਹੇਠਾਂ ਮਸ਼ੀਨਰੀ ਉਪਰ ਸਬਸਿਡੀ ਸਕੀਮ ਤਹਿਤ ਇਹ ਮਸ਼ੀਨਰੀ ਹੈਪੀ ਸੀਡਰ, ਸਮਰਾਟ ਸੀਡਰ, ਸੁਪਰ ਸੀਡਰ, ਮਲਚਰ, ਜ਼ੀਰੋ ਟਿਲ, ਸੁਪਰ ਸਟਰਾ ਐਸ. ਐਮ. ਐਸ., ਰਿਵਰਸਲ ਮੋਲਡ ਬੋਰਡ ਹਲ ਅਤੇ ਚੌਪਰ ਆਦਿ ਇਕੱਲੇ ਕਿਸਾਨਾਂ, ਸਹਿਕਾਰੀ ਸਭਾਵਾਂ ਤੇ ਸਮੂਹਾਂ ਨੂੰ ਸਬਸਿਡੀ 'ਤੇ ਉਪਲਬਧ ਕਰਵਾਈ ਜਾਂਦੀ ਹੈ । ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਜਾਗਰੂਕਤਾ ਲਈ ਤਿੰਨ ਵੈਨਾਂ ਰਵਾਨਾ ਕੀਤੀਆਂ ਗਈਆਂ ਹਨ, ਜੋ ਪਟਿਆਲਾ ਜ਼ਿਲ੍ਹੇ ਦੇ ਸਾਰੇ ਬਲਾਕਾਂ, ਰਾਜਪੁਰਾ, ਪਟਿਆਲਾ, ਘਨੌਰ, ਨਾਭਾ, ਭੁਨਰਹੇੜੀ ਅਤੇ ਸਨੌਰ, ਸਮਾਣਾ ਅਤੇ ਪਾਤੜਾਂ ਵਿਖੇ ਲਗਾਤਾਰ 40 ਦਿਨ ਪਰਾਲੀ ਪ੍ਰਬੰਧਨ ਸਬੰਧੀ ਪ੍ਰਚਾਰ ਕਰਨਗੀਆਂ । ਉਨ੍ਹਾਂ ਦੱਸਿਆ ਕਿ ਵੈਨ ਵਿੱਚ ਪ੍ਰਚਾਰ ਸਮੱਗਰੀ ਸਮੇਤ ਖੇਤੀਬਾੜੀ ਵਿਭਾਗ ਦਾ ਮਾਹਰ ਵੀ ਹੋਵੇਗਾ ਜੋ ਕਿਸਾਨਾਂ ਨੂੰ ਜਾਗਰੂਕ ਕਰੇਗਾ । ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ ਰਵਿੰਦਰਪਾਲ ਸਿੰਘ ਚੱਠਾ, ਏ. ਏ. ਈ. ਪ੍ਰਭਦੀਪ ਸਿੰਘ, ਏ. ਡੀ. ਓ. ਗੁਰਮੇਲ ਸਿੰਘ, ਸਿਕੰਦਰ ਸਿੰਘ ਵੀ ਮੌਜੂਦ ਸਨ ।