ਵਿਜੀਲੈਂਸ ਨੇ ਇਕ ਲੱਖ ਰਿਸ਼ਵਤ ਲੈਂਦੇ ਥਾਣੇਦਾਰ ਤੇ ਰੀਡਰ ਨੂੰ ਕੀਤਾ ਗ੍ਰਿਫ਼ਤਾਰ
ਬਠਿੰਡਾ, 6 ਅਗਸਤ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਬਠਿੰਡਾ ਦੇ ਸਾਈਬਰ ਕਰਾਈਮ ਥਾਣੇ ਦੇ ਥਾਣੇਦਾਰ ਤੇ ਰੀਡਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਸਿਕਾਇਤਕਰਤਾ ਨੇ ਕੀ ਦੋੋਸ਼ ਲਗਾਇਆ
ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿਖੇ ਸਾਈਬਰ ਕਰਾਈਮ ਥਾਣੇ (Cybercrime police station) ਦੇ ਜਿਸ ਥਾਣੇਦਾਰ ਤੇ ਰੀਡਰ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ (Vigilance) ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਸਬੰਧੀ ਸਿਕਾਇਤਕਰਤਾ ਰੀਤੂ ਰਾਣੀ ਨੇ ਦੋਸ਼ ਲਾਇਆ ਕਿ ਸਾਈਬਰ ਕ੍ਰਾਈਮ ਥਾਣੇ `ਚ ਦਰਜ ਇਕ ਮਾਮਲੇ `ਚ ਉਸ ਤੋਂ ਮੋਟੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਲੈ ਕੇ ਇਹ ਸੌਦਾ ਇਕ ਲੱਖ ਰੁਪਏ `ਚ ਤੈਅ ਹੋਇਆ । ਮਾਮਲਾ ਉਸ ਦੇ 18 ਸਾਲਾ ਪੁੱਤਰ ਨਾਲ ਸਬੰਧਤ ਹੈ, ਜਿਸ `ਤੇ ਆਪਣੇ ਹਮਜਮਾਤੀ ਦੀਆਂ ਤਸਵੀਰਾਂ ਕਥਿਤ ਤੌਰ `ਤੇ ਵਾਇਰਲ ਕਰਨ ਦੇ ਦੋਸ਼ ਲੱਗੇ ਸਨ । ਇਸ ਸਬੰਧੀ ਮਾਮਲਾ ਦਰਜ ਹੋਣ ਤੋਂ ਬਾਅਦ ਮਾਮਲੇ `ਚ ਰਾਹਤ ਦੇਣ ਜਾਂ ਕਾਰਵਾਈ ਤੋਂ ਬਚਾਉਣ ਦੇ ਨਾਂ `ਤੇ ਕਥਿਤ ਤੌਰ `ਤੇ ਪੈਸਿਆਂ ਦੀ ਮੰਗ ਕੀਤੀ ਗਈ ।
ਸਿਕਾਇਤ ਮਿਲਣ 'ਤੇ ਵਿਜੀਲੈਂਸ ਨੇ ਲਗਾਇਆ ਟਰੈਪ
ਮਹਿਲਾ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਮੋਹਾਲੀ ਨੂੰ ਸਿ਼ਕਾਇਤ ਕੀਤੀ, ਜਿਸ ਤੋਂ ਬਾਅਦ ਵਿਜੀਲੈਂਸ ਟੀਮ ਵੱਲੋਂ ਕਥਿਤ ਟਰੈਪ ਲਾਇਆ ਗਿਆ, ਜਿਸ ਦੌਰਾਨ ਥਾਣੇਦਾਰ ਸਤਰੂਪ ਸਿੰਘ ਅਤੇ ਰੀਡਰ ਗੁਰਚਰਨ ਸਿੰਘ ਨੂੰ ਕਥਿਤ ਤੌਰ `ਤੇ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰ ਲਿਆ ਗਿਆ । ਇਸ ਮਾਮਲੇ `ਚ ਸਾਈਬਰ ਕ੍ਰਾਈਮ ਥਾਣੇ ਦੇ ਐੱਸ. ਐੱਚ. ਓ. ਦੀ ਭੂਮਿਕਾ ਨੂੰ ਲੈ ਕੇ ਵੀ ਮਹਿਲਾ ਵੱਲੋਂ ਗੰਭੀਰ ਦੋਸ਼ ਲਗਾਏ ਗਏ ਹਨ । ਹਾਲਾਂਕਿ ਵਿਜੀਲੈਂਸ ਵੱਲੋਂ ਫਿਲਹਾਲ ਐੱਸ. ਐੱਚ. ਓ. ਖਿਲਾਫ ਕੋਈ ਕਾਰਵਾਈ ਕੀਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਗਈ ।
ਪੀੜ੍ਹਤ ਮਹਿਲਾ ਨੇ ਹੋਰ ਕੀ ਕੀ ਦੱਸਿਆ
ਦੱਸਿਆ ਜਾਂਦਾ ਹੈ ਕਿ ਐੱਸ. ਐੱਚ. ਓ. ਨਾਲ ਸਬੰਧਤ ਪੈਸਿਆਂ ਦੀ ਮੰਗ ਦੀ ਕੋਈ ਰਿਕਾਰਡਿੰਗ ਉਪਲਬਧ ਨਾ ਹੋਣ ਕਾਰਨ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ । ਪੀੜਤ ਮਹਿਲਾ ਦਾ ਦਾਅਵਾ ਹੈ ਕਿ ਉਸ ਕੋਲ ਪੁਲਸ ਮੁਲਾਜ਼ਮਾਂ ਵੱਲੋਂ ਪੈਸਿਆਂ ਦੀ ਮੰਗ ਕਰਨ ਸਬੰਧੀ ਕਥਿਤ ਰਿਕਾਰਡਿੰਗਾਂ ਮੌਜੂਦ ਹਨ । ਉਸ ਨੇ ਦੋਸ਼ ਲਾਇਆ ਕਿ ਇਸ ਮਾਮਲੇ `ਚ ਸਿਰਫ ਦੋ ਨਹੀਂ, ਸਗੋਂ ਚਾਰ ਪੁਲਸ ਕਰਮਚਾਰੀਆਂ ਦੀ ਭੂਮਿਕਾ ਹੈ` ਅਤੇ ਉਹ ਹਰ ਹਾਲਤ `ਚ ਸਾਰੇ ਮੁਲਜ਼ਮਾਂ ਖਿਲਾਫ ਕਾਰਵਾਈ ਕਰਵਾਏਗੀ ।
ਵਿਜੀਲੈਂਸ ਨੇ ਰੱਖਿਆ ਹੋਇਆ ਹੈ ਹਾਲ ਦੀ ਘੜੀ ਪੂਰੀ ਕਾਰਵਾਈ ਨੂੰ ਗੁਪਤ
ਉਸ ਨੇ ਕਿਹਾ ਕਿ ਉਹ ਪਿਛਲੇ 15 ਦਿਨਾਂ ਤੋਂ ਖੱਜਲ-ਖੁਆਰ ਹੋ ਰਹੀ ਹੈ ਅਤੇ ਇਸ ਦੌਰਾਨ ਉਸ ਨੂੰ ਭਾਰੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ । ਇਸ ਮਾਮਲੇ `ਚ ਥਾਣੇ ਦੇ ਮੁਨਸ਼ੀ ਦੀ ਭੂਮਿਕਾ ਦਾ ਵੀ ਜਿ਼ਕਰ ਸਾਹਮਣੇ ਆ ਰਿਹਾ ਹੈ । ਫਿਲਹਾਲ ਵਿਜੀਲੈਂਸ ਟੀਮ ਵੱਲੋਂ ਪੂਰੀ ਕਾਰਵਾਈ ਨੂੰ ਗੁਪਤ ਰੱਖਿਆ ਗਿਆ ਹੈ ।
