ਵਿਜੀਲੈਂਸ ਬਿਊਰੋ ਨੇ ਸਬ-ਇੰਸਪੈਕਟਰ ਨੂੰ ਕੀਤਾ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
- by Jasbeer Singh
- February 28, 2026
ਵਿਜੀਲੈਂਸ ਬਿਊਰੋ ਨੇ ਸਬ-ਇੰਸਪੈਕਟਰ ਨੂੰ ਕੀਤਾ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਪਟਿਆਲਾ, 28 ਫਰਵਰੀ 2026 : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਇਕ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਕੌਣ ਹੈ ਇਹ ਪੁਲਸ ਸਬ-ਇੰਸਪੈਕਟਰ ਪੰਜਾਬ ਵਿਜੀਲੈਂਸ ਵਲੋਂ ਜਿਸ ਸਬ-ਇੰਸਪੈਕਟਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ਦਾ ਨਾਮ ਮੇਵਾ ਸਿੰਘ ਹੈ ਤੇ ਉਹ ਥਾਣਾ ਸਾਈਬਰ ਸੈੱਲ (ਸੰਗਰੂਰ) ਵਿਖੇ ਸਬ-ਇੰਸਪੈਕਟਰ ਵਜੋਂ ਤਾਇਨਾਤ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਕਤ ਦੋਸ਼ੀ ਨੂੰ ਪਿੰਡ ਕੋਠੇ ਮਹਾਂ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ `ਤੇ ਗ੍ਰਿਫਤਾਰ ਕੀਤਾ ਗਿਆ ਹੈ। ਸਿ਼ਕਾਇਤਕਰਤਾ ਨੇ ਕੀ ਦੋਸ਼ ਲਗਾਇਆ ਉਨ੍ਹਾਂ ਦੱਸਿਆ ਕਿ ਸਿ਼ਕਾਇਤਕਰਤਾ ਅਤੇ ਉਸਦੀ ਪਤਨੀ ਵਿਰੁੱਧ ਥਾਣਾ ਸਾਈਬਰ ਕ੍ਰਾਈਮ ਸੰਗਰੂਰ ਵਿਖੇ ਇਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਦੋਸ਼ੀ ਸਬ-ਇੰਸਪੈਕਟਰ ਜਾਂਚ ਅਧਿਕਾਰੀ ਸੀ। ਇਸ ਸਬੰਧ ਵਿੱਚ ਸਿ਼ਕਾਇਤਕਰਤਾ ਨੇ ਦੋਸ਼ ਲਗਾਇਆ ਕਿ ਦੋਸ਼ੀ ਸਬ-ਇੰਸਪੈਕਟਰ ਨੇ ਉਸਦੀ ਪਤਨੀ ਨੂੰ ਇਸ ਕੇਸ ਵਿੱਚੋਂ ਬਰੀ ਕਰਵਾਉਣ ਵਿੱਚ ਮਦਦ ਕਰਨ ਬਦਲੇ 50000 ਰੁਪਏ ਰਿਸ਼ਵਤ ਦੀ ਮੰਗ ਕੀਤੀ । ਵਿਜੀਲੈਂਸ ਨੇ ਕਰ ਲਿਆ ਹੈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਸਿ਼ਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਰੇਂਜ, ਪਟਿਆਲਾ ਨਾਲ ਸੰਪਰਕ ਕੀਤਾ। ਉਸਦੀ ਸਿ਼ਕਾਇਤ `ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਸਬ-ਇੰਸਪੈਕਟਰ ਮੇਵਾ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿ਼ਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ । ਇਸ ਸਬੰਧੀ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।
