post

Jasbeer Singh

(Chief Editor)

Sports

ਵਾਰਨਰ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ

post-img

ਆਸਟਰੇਲੀਆ ਦੇ ਬੱਲੇਬਾਜ਼ ਡੇਵਿਡ ਵਾਰਨਰ ਨੇ ਅੱਜ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਵੱਡੀਆਂ ਪ੍ਰਾਪਤੀਆਂ ਅਤੇ ਵਿਵਾਦਾਂ ਨਾਲ ਭਰੇ ਉਸ ਦੇ 15 ਸਾਲ ਲੰਮੇ ਕਰੀਅਰ ਦਾ ਅੱਜ ਇੱਥੇ ਟੀ-20 ਵਿਸ਼ਵ ਕੱਪ ਵਿੱਚ ਅਫ਼ਗਾਨਿਸਤਾਨ ਦੀ ਬੰਗਲਾਦੇਸ਼ ’ਤੇ ਜਿੱਤ ਨਾਲ ਨਿਰਸ਼ਾਜਨਕ ਅੰਤ ਹੋਇਆ। ਅਫ਼ਗਾਨਿਸਤਾਨ ਦੀ ਜਿੱਤ ਨਾਲ ਆਸਟਰੇਲੀਆ ਵਿਸ਼ਵ ਕੱਪ ਦੇ ਸੈਮੀ ਫਾਈਨਲ ’ਚ ਜਗ੍ਹਾ ਬਣਾਉਣ ’ਚ ਨਾਕਾਮ ਰਿਹਾ। ਵਾਰਨਰ ਨੇ 110 ਮੈਚਾਂ ਵਿੱਚ 33.43 ਦੀ ਔਸਤ ਨਾਲ 3,277 ਦੌੜਾਂ ਬਣਾ ਕੇ ਆਸਟਰੇਲੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਅਤੇ ਦੁਨੀਆ ਦੇ ਸੱਤਵੇਂ ਸਭ ਤੋਂ ਸਫਲ ਬੱਲੇਬਾਜ਼ ਵਜੋਂ ਟੀ-20 ’ਚੋਂ ਸੰਨਿਆਸ ਲਿਆ। ਉਸ ਨੇ ਸਭ ਤੋਂ ਛੋਟੇ ਫਾਰਮੈਟ ਵਿੱਚ ਇੱਕ ਸੈਂਕੜਾ ਅਤੇ 28 ਨੀਮ ਸੈਂਕੜੇ ਜੜੇ। ਇਸੇ ਤਰ੍ਹਾਂ 112 ਟੈਸਟ ਮੈਚਾਂ ’ਚ 26 ਸੈਂਕੜਿਆਂ ਤੇ 37 ਨੀਮ ਸੈਂਕੜਿਆਂ ਦੀ ਮਦਦ ਨਾਲ 44.59 ਦੀ ਔਸਤ ਨਾਲ 8,786 ਦੌੜਾਂ ਬਣਾਈਆਂ ਜਦੋਂ ਕਿ 161 ਇੱਕ ਰੋਜ਼ਾ ਮੈਚਾਂ ਵਿੱਚ ਉਸ ਨੇ 45.30 ਦੀ ਔਸਤ ਨਾਲ 6,932 ਦੌੜਾਂ ਬਣਾਈਆਂ। ਇਸ ਵਿੱਚ 22 ਸੈਂਕੜੇ ਤੇ 23 ਨੀਮ ਸੈਂਕੜੇ ਸ਼ਾਮਲ ਹਨ। -ਪੀਟੀਆਈ ‘ਸੈਂਡਪੇਪਰ ਵਿਵਾਦ’ ਨਾਲ ਜੁੜਿਆ ਰਹੇਗਾ ਵਾਰਨਰ ਦਾ ਨਾਂ ਪਿਛਲੇ ਹਫਤੇ ਬੰਗਲਾਦੇਸ਼ ਖ਼ਿਲਾਫ਼ ਮੈਚ ਦੌਰਾਨ ਵਾਰਨਰ ਨੇ ਮੰਨਿਆ ਸੀ ਕਿ ‘ਸੈਂਡਪੇਪਰ ਵਿਵਾਦ’ ਨਾਲ ਉਸ ਦਾ ਨਾਮ ਹਮੇਸ਼ਾ ਜੁੜਿਆ ਰਹੇਗਾ। 2018 ’ਚ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਮੈਚ ਦੌਰਾਨ ਕੈਮਰਨ ਬੈਨਕ੍ਰਾਫਟ ਨੇ ਗੇਂਦ ਖੁਰਚਣ ਲਈ ਸੈਂਡਪੇਪਰ ਦੀ ਵਰਤੋਂ ਕੀਤੀ ਸੀ ਅਤੇ ਇਸ ਘਟਨਾ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਵਾਰਨਰ ’ਤੇ ਇੱਕ ਸਾਲ ਲਈ ਪਾਬੰਦੀ ਲਾਈ ਗਈ ਸੀ।

Related Post