July 3, 2024 16:47:18
post

Jasbeer Singh

(Chief Editor)

Sports

ਮਹਿਲਾ ਟੈਸਟ ਕ੍ਰਿਕਟ: ਫਾਲੋਆਨ ਮਗਰੋਂ ਸੂਲ ਤੇ ਵੋਲਵਾਰਟ ਨੇ ਦੱਖਣੀ ਅਫਰੀਕਾ ਦੀ ਪਾਰੀ ਸੰਭਾਲੀ

post-img

ਸਪਿੰਨਰ ਸਨੇਹ ਰਾਣਾ ਦੇ ਅੱਠ ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਦੇ ਫਾਲੋਆਨ ਦੇਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਅੱਜ ਇੱਥੇ ਇਕਲੌਤੇ ਟੈਸਟ ਦੇ ਤੀਜੇ ਦਿਨ ਸੁਨੇ ਲੂਸ ਦੇ ਸੈਂਕੜੇ ਦੀ ਮਦਦ ਨਾਲ ਦੂਜੀ ਪਾਰੀ ਵਿੱਚ ਵਾਪਸੀ ਕਰਦਿਆਂ ਦੋ ਵਿਕਟਾਂ ’ਤੇ 232 ਦੌੜਾਂ ਬਣਾ ਲਈਆਂ ਹਨ। ਦੱਖਣੀ ਅਫਰੀਕਾ ਹਾਲੇ ਵੀ ਭਾਰਤ ਤੋਂ 105 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਸਨੇਹ ਰਾਣਾ ਨੇ 77 ਦੌੜਾਂ ਦੇ ਕੇ ਅੱਠ ਵਿਕਟਾਂ ਲਈਆਂ ਜਿਸ ਸਦਕਾ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ ਸਿਰਫ਼ 266 ਦੌੜਾਂ ’ਤੇ ਹੀ ਸਿਮਟ ਗਈ। ਲੂਸ ਨੇ ਆਪਣੀ ਦੂਜੀ ਪਾਰੀ ਵਿੱਚ 18 ਚੌਕਿਆਂ ਦੀ ਮਦਦ ਨਾਲ 109 ਦੌੜਾਂ ਬਣਾਈਆਂ। ਉਸ ਨੂੰ ਕਪਤਾਨ ਲੌਰਾ ਵੋਲਵਾਰਟ (ਨਾਬਾਦ 93) ਦਾ ਚੰਗਾ ਸਾਥ ਮਿਲਿਆ। ਦੋਵਾਂ ਨੇ ਦੂਜੀ ਵਿਕਟ ਲਈ 190 ਦੌੜਾਂ ਦੀ ਭਾਈਵਾਲੀ ਕੀਤੀ। ਦੱਖਣੀ ਅਫਰੀਕਾ ਨੇ ਸਵੇਰੇ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ’ਤੇ 236 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਮਾਰੀਜ਼ਾਨੇ ਕਾਪ (74) ਅਤੇ ਨਾਦੀਨੇ ਡੀ ਕਲਰਕ (39) ਲੈਅ ਜਾਰੀ ਨਾ ਰੱਖ ਸਕੀਆਂ। ਕਾਪ ਕੁਝ ਸਮੇਂ ਬਾਅਦ ਹੀ ਰਾਣਾ ਦਾ ਸ਼ਿਕਾਰ ਬਣ ਗਈ ਜਿਸ ਤੋਂ ਬਾਅਦ ਪੂਰੀ ਟੀਮ 17 ਦੌੜਾਂ ਦੇ ਅੰਦਰ ਹੀ ਪੈਵੇਲੀਅਨ ਪਰਤ ਗਈ। ਰਾਣਾ ਦਾ ਇਹ ਪ੍ਰਦਰਸ਼ਨ ਭਾਰਤ ਦੀ ਨੀਤੂ ਡੇਵਿਡ (53 ਦੌੜਾਂ ’ਤੇ ਅੱਠ ਵਿਕਟਾਂ) ਅਤੇ ਆਸਟਰੇਲੀਆ ਦੀ ਐਸ਼ਲੇ ਗਾਰਡਨਰ (66 ਦੌੜਾਂ ’ਤੇ ਅੱਠ ਵਿਕਟਾਂ) ਤੋਂ ਬਾਅਦ ਮਹਿਲਾ ਟੈਸਟ ਦੀ ਇੱਕ ਪਾਰੀ ’ਚ ਤੀਜਾ ਸਰਬੋਤਮ ਗੇਂਦਬਾਜ਼ੀ ਅੰਕੜਾ ਹੈ। ਭਾਰਤ ਨੇ ਪਹਿਲੀ ਪਾਰੀ ਵਿੱਚ 337 ਦੌੜਾਂ ਦੀ ਵੱਡੀ ਲੀਡ ਲੈ ਕੇ ਦੱਖਣੀ ਅਫਰੀਕਾ ਨੂੰ ਫਾਲੋਆਨ ਦਿੱਤਾ। ਦੱਖਣੀ ਅਫਰੀਕਾ ਨੇ ਦੂਜੀ ਪਾਰੀ ’ਚ 16 ਦੌੜਾਂ ਦੇ ਸਕੋਰ ’ਤੇ ਪਹਿਲੀ ਵਿਕਟ ਗੁਆ ਦਿੱਤੀ। ਵੋਲਵਾਰਟ ਤੇ ਲੂਸ ਨੇ ਚਾਹ ਦੀ ਬਰੇਕ ਤੱਕ ਟੀਮ ਨੂੰ ਇਕ ਵਿਕਟ ’ਤੇ 124 ਦੌੜਾਂ ਤੱਕ ਪਹੁੰਚਾਇਆ। ਚਾਹ ਤੋਂ ਬਾਅਦ ਦੇ ਸੈਸ਼ਨ ’ਚ ਦੋਵਾਂ ਨੇ 138 ਦੌੜਾਂ ਦੀ ਭਾਈਵਾਲੀ ਕੀਤੀ। ਮਗਰੋਂ ਲੂੂਸ ਨੇ ਸੈਂਕੜਾ ਜੜਿਆ। ਬਾਅਦ ’ਚ ਕਪਤਾਨ ਹਰਮਨਪ੍ਰੀਤ ਕੌਰ ਨੇ ਲੂਸ ਨੂੰ ਆਊਟ ਕਰ ਦਿੱਤਾ। ਦਿਨ ਦੀ ਖੇਡ ਖ਼ਤਮ ਹੋਣ ਤੱਕ ਕਾਪ ਤੇ ਵੋਲਵਾਰਟ ਖੇਡ ਰਹੀਆਂ ਸਨ।

Related Post