ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ-2025 ਦੂਜੇ ਦਿਨ- ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 9 ਤੇ ਬਲਾਕ ਸੰਮਤੀਆਂ ਲਈ 34 ਨਾਮਜ਼ਦਗੀਆਂ ਦਾਖਲ -4 ਦਸੰਬਰ ਤੱਕ ਭਰੀਆਂ ਜਾ ਸਕਣਗੀਆਂ ਨਾਮਜ਼ਦਗੀਆਂ, ਪੜਤਾਲ 5 ਨੂੰ ਤੇ ਕਾਗ਼ਜ ਵਾਪਸ ਲੈਣ ਦੀ ਆਖਰੀ ਮਿਤੀ 6 ਦਸੰਬਰ ਪਟਿਆਲਾ, 2 ਦਸੰਬਰ 2025 : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪਟਿਆਲਾ ਅੰਦਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 23 ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੇ ਦੂਜੇ ਦਿਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 9 ਨਾਮਜ਼ਦਗੀਆਂ ਦਾਖਲ ਹੋਈਆਂ। ਜਦੋਂਕਿ ਬਲਾਕ ਸੰਮਤੀ ਚੋਣਾਂ ਲਈ ਅੱਜ 34 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਰਿਟਰਨਿੰਗ ਅਫ਼ਸਰ ਏ.ਡੀ.ਸੀ (ਸ਼ਹਿਰੀ ਵਿਕਾਸ) ਡਾ. ਇਸਮਤ ਵਿਜੇ ਸਿੰਘ ਕੋਲ 9 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਜਦੋਂ ਕਿ ਬਲਾਕ ਸੰਮਤੀ ਪਟਿਆਲਾ ਦਿਹਾਤੀ ਲਈ ਰਿਟਰਨਿੰਗ ਅਫ਼ਸਰ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਨੀਤ ਸਿੰਗਲਾ ਕੋਲ 7 ਨਾਮਜਦਗੀਆਂ ਜਮ੍ਹਾਂ ਹੋਈਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਘਨੌਰ ਬਲਾਕ ਸੰਮਤੀ ਲਈ ਰਿਟਰਨਿੰਗ ਅਫ਼ਸਰ ਪੀ.ਐਸ.ਪੀ.ਸੀ.ਐਲ ਦੇ ਵਧੀਕ ਐਸ.ਈ. ਧਰਮਵੀਰ ਕਮਲ ਕੋਲ 19 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਇਸ ਤੋਂ ਇਲਾਵਾ ਸ਼ੰਭੂ ਕਲਾਂ ਬਲਾਕ ਸੰਮਤੀ ਲਈ ਰਿਟਰਨਿੰਗ ਅਫ਼ਸਰ ਬੀ.ਐਮ.ਐਲ. ਦੇ ਕਾਰਜਕਾਰੀ ਇੰਜੀਨੀਅਰ ਗੁਰਸ਼ਰਨ ਸਿੰਘ ਵਿਰਕ ਕੋਲ 8 ਨਾਮਜ਼ਦਗੀਆਂ ਜਮ੍ਹਾਂ ਹੋਈਆਂ ਹਨ। ਜਿਕਰਯੋਗ ਹੈ ਕਿ ਚੋਣ ਸ਼ਡਿਊਲ ਅਨੁਸਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 04 ਦਸੰਬਰ 2025 (ਵੀਰਵਾਰ) ਨਿਯਤ ਕੀਤੀ ਗਈ ਹੈ ਜਦਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 05 ਦਸੰਬਰ 2025 (ਸ਼ੁੱਕਰਵਾਰ) ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਿਸ ਲੈਣ ਦੀ ਆਖ਼ਰੀ ਮਿਤੀ 06 ਦਸੰਬਰ 2025 (ਸ਼ਨੀਵਾਰ) ਸ਼ਾਮ 03 ਵਜੇ ਤੱਕ ਹੈ।
