

ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਜੈਇੰਦਰ ਕੌਰ ਨੇ ਕਿਹਾ ਕਿ ‘ਆਪ’ ਔਰਤਾਂ ਦਾ ਕਿੰਨਾ ਨਿਰਾਦਰ ਕਰਦੀ ਹੈ ਕਿ ਇਸ ਦੀ ਤਾਜ਼ਾ ਮਿਸਾਲ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਰਾਹੀਂ ਦੇਸ਼ ਦੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਪੁਲੀਸ ਨੇ ਮੁੱਢਲੇ ਤੱਥਾਂ ਦੇ ਆਧਾਰ ’ਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਪਰ ‘ਆਪ’ ਨੇਤਾ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਕੇ ਆਪਣੀ ਔਰਤਾਂ ਵਿਰੋਧੀ ਮਾਨਸਿਕਤਾ ਨੂੰ ਦਰਸਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਵਿੱਚ ਭਾਜਪਾ ਨੇ 13 ਲੋਕ ਸਭਾ ਸੀਟਾਂ ਵਿੱਚੋਂ 25 ਫ਼ੀਸਦੀ ਔਰਤਾਂ ਨੂੰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਭਾਜਪਾ ਨੇ ਮਹਿਲਾ ਸਸ਼ਕਤੀਕਰਨ ਦੀ ਮਹੱਤਤਾ ਅਤੇ ਰਾਜਨੀਤੀ ਵਿੱਚ ਔਰਤਾਂ ਦੀ ਭੂਮਿਕਾ ਨੂੰ ਸਪੱਸ਼ਟ ਕਰ ਦਿੱਤਾ ਹੈ। ਦੂਜੇ ਪਾਸੇ, ‘ਆਪ’ ਨੇ ਪੰਜਾਬ ਵਿੱਚ ਇੱਕ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ। ਇਸ ਮੌਕੇ ਬੋਲਦਿਆਂ ਭਾਜਪਾ ਆਗੂ ਮੁਨੀਸ਼ਾ ਗੁਲਾਟੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਮਹਿਲਾ ਸੰਸਦ ਮੈਂਬਰ ’ਤੇ ਹਮਲਾ ਹੋਣਾ ਕੋਈ ਛੋਟੀ ਗੱਲ ਨਹੀਂ ਹੈ। ਇਸ ਘਟਨਾ ਨੇ ਭਾਰਤੀ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ, ਜਿਸ ਦਾ ਨਤੀਜਾ ‘ਆਪ’ ਨੂੰ ਚੋਣਾਂ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਕੇਜਰੀਵਾਲ ਨੂੰ ਵੀ ਭੰਡਿਆ। ਇਸ ਮੌਕੇ ਡਾ. ਦੀਪਕ ਜੋਤੀ, ਅੰਬਿਕਾ ਸਾਹਨੀ, ਜੀਤ ਕੌਰ ਤੇ ਸਿਮਰਨ ਕੌਰ ਵੀ ਹਾਜ਼ਰ ਸਨ।