July 6, 2024 01:35:25
post

Jasbeer Singh

(Chief Editor)

Patiala News

ਪੁਲੀਸ ਦੀ ਵਰਦੀ ਪਾ ਕੇ ਲੁੱਟਾਂ-ਖੋਹਾਂ ਕਰਨ ਵਾਲਾ ਗਰੋਹ ਕਾਬੂ

post-img

ਸੀਆਈਏ ਸਟਾਫ ਪਟਿਆਲਾ ਦੀ ਟੀਮ ਨੇ ਤਿੰਨ ਮੈਂਬਰੀ ਲੁਟੇਰਾ ਗਰੋਹ ਨੂੰ ਕਾਬੂ ਕੀਤਾ ਹੈ। ਇਹ ਗਰੋਹ ਪੁਲੀਸ ਦੀ ਵਰਦੀ ਪਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਦਾ ਸੀ। ਗਰੋਹ ਦਾ ਸਰਗਨਾ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿੱਚ ਤਾਇਨਾਤ ਸੀਨੀਅਰ ਸਹਾਇਕ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗਰੋਹ ਦਾ ਮਾਸਟਰ ਮਾਈਂਡ ਸੀਨੀਅਰ ਸਹਾਇਕ ਜਤਿੰਦਰਪਾਲ ਸਿੰਘ ਉਰਫ਼ ਖੋਖਰ ਉਰਫ਼ ਸੰਨੀ ਵਾਸੀ ਦੀਪਨਗਰ ਪਟਿਆਲਾ ਹੈ ਜਿਸ ਦੇ ਨਾਲ ਆਟੋ ਚਾਲਕ ਵਜੋਂ ਕੰਮ ਕਰਨ ਵਾਲੇ ਵਰਿੰਦਰਪਾਲ ਸਿੰਘ ਉਰਫ਼ ਬਿੰਦੂ ਅਤੇ ਪ੍ਰਭਜੋਤ ਸਿੰਘ ਉਰਫ਼ ਜੋਤ ਦਸਮੇਸ਼ ਨਗਰ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਬੂ ਸਿੰਘ ਕਲੋਨੀ ਦਾ ਰਹਿਣ ਵਾਲਾ ਸੁਨੀਲ ਕੁਮਾਰ 24 ਜੂਨ ਨੂੰ ਖੰਡਵਾਲਾ ਚੌਕ ਤੋਂ ਬਾਰਾਂਦਰੀ ਨੂੰ ਜਾਂਦੇ ਸਮੇਂ ਲੁੱਟ ਖੋਹ ਦਾ ਸ਼ਿਕਾਰ ਹੋ ਗਿਆ ਸੀ। ਮਾਸਟਰਮਾਈਂਡ ਮੁਲਜ਼ਮ ਪੁਲੀਸ ਦੀ ਵਰਦੀ ਪਾ ਕੇ ਕਾਰ ਦੀ ਪਿਛਲੀ ਸੀਟ ’ਤੇ ਬੈਠਦਾ ਸੀ। ਇਨ੍ਹਾਂ ਵਿਅਕਤੀਆਂ ਨੇ ਸੁਨੀਲ ਕੁਮਾਰ ਨੂੰ ਬਾਗ਼ ਨੇੜੇ ਚਿੱਟੇ ਰੰਗ ਦੀ ਸਵਿੱਫ਼ਟ ਕਾਰ ਵਿੱਚ ਲੁੱਟ ਲਿਆ ਸੀ। ਘਟਨਾ ਤੋਂ ਬਾਅਦ ਸਬ-ਇੰਸਪੈਕਟਰ ਸਾਹਿਬ ਸਿੰਘ ਹਜ਼ਾਰਾ ਅਤੇ ਉਨ੍ਹਾਂ ਦੀ ਟੀਮ ਨੇ ਛਾਪਾ ਮਾਰ ਕੇ ਇਸ ਗਰੋਹ ਨੂੰ ਕਾਬੂ ਕੀਤਾ। ਇਸ ਗਰੋਹ ਕੋਲੋਂ ਇਕ ਕਾਂਸਟੇਬਲ ਰੈਂਕ ਦੀ ਵਰਦੀ ਅਤੇ 20 ਮੋਬਾਈਲ ਫੋਨ ਤੇ ਕੁਝ ਨਕਦੀ ਬਰਾਮਦ ਕੀਤੀ ਗਈ ਹੈ। ਗਰੋਹ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਨ੍ਹਾਂ ਵਿਅਕਤੀਆਂ ਨੇ ਪਟਿਆਲਾ ਸ਼ਹਿਰ ਦੇ ਪਾਸੀ ਰੋਡ ਵਾਤਾਵਰਨ ਪਾਰਕ ਨੰਬਰ 21 ਓਵਰਬ੍ਰਿਜ ਦੇ ਹੇਠਾਂ ਫੈਕਟਰੀ ਏਰੀਆ ਸਰਹਿੰਦ ਰੋਡ, ਮਾੜੀ ਅਤੇ ਛੋਟੀ ਬਰਾਦਰੀ ਵਿੱਚ ਦੋ ਦਰਜਨ ਤੋਂ ਵੱਧ ਵਾਰਦਾਤਾਂ ਕੀਤੀਆਂ ਹਨ। ਇਨ੍ਹਾਂ ’ਤੇ ਪਹਿਲਾਂ ਵੀ ਕੇਸ ਦਰਜ ਹਨ।

Related Post