

ਬੰਦਗ਼ਲਾ-ਕਾਲਰ ਵਾਲਾ ਕੁੜਤਾ ਤੇ ਹੱਥੀਂ ਤਿਆਰ ਕੀਤਾ ਮੋਰਨੀ ਚਾਦਰਾ… ਮੰਨੇ-ਪ੍ਰਮੰਨੇ ਡਿਜ਼ਾਈਨਰ ਰਾਘਵੇਂਦਰ ਰਾਠੌੜ ਨੇ ਦਿਲਜੀਤ ਦੁਸਾਂਝ ਨੂੰ ਉਸ ਦੇ ‘ਦਿਲ-ਲੁਮੀਨਾਤੀ’ ਟੂਰ ਲਈ ਇਸ ਪਹਿਰਾਵੇ ’ਚ ਪੂਰਾ ਜਚਾਇਆ ਹੈ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਸ ਰਵਾਇਤੀ ਪਹਿਰਾਵੇ ’ਚੋਂ ਇਸ ਪੰਜਾਬੀ ਗਾਇਕ-ਅਦਾਕਾਰ ਦੀ ਸੱਭਿਆਚਾਰਕ ਪਛਾਣ ਤੇ ਭਾਰਤੀ ਵਿਰਾਸਤ ਦੀ ਝਲਕ ਮਿਲਦੀ ਹੈ। ਫੈਸ਼ਨ ਡਿਜ਼ਾਈਨਰ ਰਾਘਵੇਂਦਰ ਰਾਠੌੜ ਆਪਣੇ ਬਰਾਂਡ, ਰਾਘਵੇਂਦਰ ਰਾਠੌੜ ਜੋਧਪੁਰ (ਆਰਆਰਜੇ) ਰਾਹੀਂ ਭਾਰਤੀ ਵਿਰਾਸਤ ਨੂੰ ਆਲਮੀ ਪੱਧਰ ’ਤੇ ਚਮਕਾਉਂਦੇ ਆ ਰਹੇ ਹਨ। ਇਸੇ ਤਰ੍ਹਾਂ, ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਵੀ ਪੂਰੀ ਦੁਨੀਆ ਨੂੰ ਆਪਣੀਆਂ ਧੁਨਾਂ ’ਤੇ ਨੱਚਣ ਲਾਇਆ ਹੋਇਆ ਹੈ। ਦੁਨੀਆ ਦੇ ਸਭ ਤੋਂ ਚੋਟੀ ਦੇ ਸੰਗੀਤ ਮੇਲਿਆਂ (ਫੈਸਟੀਵਲ) ’ਚ ਸ਼ੁਮਾਰ ‘ਕੋਚੇਲਾ’ ਵਿੱਚ ਪੇਸ਼ਕਾਰੀ ਦੇਣ ਵਾਲਾ ਮੁੱਖਧਾਰਾ ਦਾ ਉਹ ਪਹਿਲਾ ਭਾਰਤੀ ਤੇ ਪੰਜਾਬੀ ਕਲਾਕਾਰ ਬਣਿਆ ਹੈ। ਉੱਤਰੀ ਅਮਰੀਕਾ ’ਚ ਜੁਲਾਈ ਤੱਕ ਚੱਲਣ ਵਾਲੇ ਸੰਗੀਤਕ ਟੂਰ ਵਿੱਚ ਆਪਣੀ ਦਿੱਖ ਨਾਲ ਭਾਰਤੀ ਵਿਰਾਸਤ ਨੂੰ ਪ੍ਰਚਾਰਨ ਲਈ ਦਿਲਜੀਤ ਨੇ ਰਾਠੌੜ ਨਾਲ ਸਾਂਝ ਪਾਈ ਹੈ। ਡਿਜ਼ਾਈਨਰ ਰਾਠੌੜ ਨੇ ਸਾਡੇ ਨਾਲ ਇਸ ਸੰਗੀਤਕ ਦੌਰੇ ਲਈ ਕਲਾਕਾਰ ਦੀ ਰੁਚੀ ਮੁਤਾਬਕ ਪੁਸ਼ਾਕਾਂ ਤਿਆਰ ਕਰਨ ਦੀ ਪ੍ਰਕਿਰਿਆ ਬਾਰੇ ਗੱਲਬਾਤ ਕੀਤੀ।