post

Jasbeer Singh

(Chief Editor)

ਬਹੁ-ਪਰਤੀ ਅਦਾਕਾਰ ਧਨਵੀਰ ਸਿੰਘ

post-img

ਧਨਵੀਰ ਸਿੰਘ ਰੰਗਮੰਚ ਦਾ ਪਰਿਪੱਕ ਅਦਾਕਾਰ ਹੈ ਜਿਸ ਨੇ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ ਪੱਕੇ ਪੈਰੀਂ ਕੀਤੀ ਹੈ। ਉਹ ਸੰਭਾਵਨਾਵਾਂ ਭਰਪੂਰ ਹੁਨਰਮੰਦ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਹੈ। ਰੰਗਮੰਚ ਤੋਂ ਆਇਆ ਹੋਣ ਕਰਕੇ ਅਦਾਕਾਰੀ ਵਿੱਚ ਉਸ ਦਾ ਕੋਈ ਸਾਨੀ ਨਹੀਂ। ਸਭ ਤੋਂ ਖ਼ੂਬਸੂਰਤ ਗੱਲ ਕਿ ਉਹ ਲਾਈਵ ਸਟੇਜ ਸ਼ੋਅ ਅਤੇ ਕੈਮਰੇ ਅੱਗੇ ਦੋਵੇਂ ਮੌਕਿਆਂ ’ਤੇ ਆਪਣੀ ਅਦਾਕਾਰੀ ਦਾ ਲੋਹਾ ਮਨਾਉਂਦਾ ਹੈ। ਰੰਗਮੰਚ ਨੂੰ ਸਮਰਪਿਤ ਧਨਵੀਰ ਬਹੁ-ਪਰਤੀ ਅਤੇ ਬਹੁ-ਵਿਧਾਈ ਅਦਾਕਾਰ ਹੈ ਜਿਸ ਨੂੰ ਆਪਣਾ ਸੌਂਪਿਆ ਰੋਲ ਬਾਖ਼ੂਬੀ ਨਿਭਾਉਣਾ ਆਉਂਦਾ ਹੈ। ਉਹ ਆਪਣੇ ਕਿਰਦਾਰ ਵਿੱਚ ਇੰਝ ਰਚ-ਮਿਚ ਜਾਂਦਾ ਹੈ ਜਿਵੇਂ ਇਹ ਕਿਰਦਾਰ ਉਸੇ ਲਈ ਬਣਿਆ ਹੋਵੇ। ਥੀਏਟਰ, ਰੇਡੀਓ ਜੌਕੀ ਅਤੇ ਸੰਗੀਤਕ ਨਾਟਕ ‘ਮੁਗ਼ਲ-ਏ-ਆਜ਼ਮ’ ਦੇ ਲਾਈਵ ਸ਼ੋਅ’ਜ਼ ਵਿੱਚ ਸਫਲਤਾ ਦੇ ਝੰਡੇ ਗੱਡਣ ਤੋਂ ਬਾਅਦ ਉਸ ਨੇ ਬੌਲੀਵੁੱਡ ਵਿੱਚ ਕੁਝ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ। ਉਸ ਨੇ ਹੁਣ ਪੰਜਾਬੀ ਫਿਲਮ ‘ਰੋਡੇ ਕਾਲਜ’ ਰਾਹੀਂ ਪੌਲੀਵੁੱਡ ਵਿੱਚ ਧਮਾਕੇਦਾਰ ਐਂਟਰੀ ਮਾਰੀ ਹੈ। ਧਨਵੀਰ ਦਾ ਜਨਮ ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਵਿਖੇ ਹੋਇਆ। ਦਿਆਲਪੁਰ ਭਾਈਕਾ ਦੇ ਸਰਕਾਰੀ ਸਕੂਲ ਅਤੇ ਫਿਰ ਪੱਖੋਂ ਕਲਾਂ ਦੇ ਸੰਤ ਬਾਬਾ ਲੌਂਗਪੁਰ ਸਕੂਲ ਤੋਂ ਸਕੂਲੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਬਰਨਾਲਾ ਦੇ ਐੱਸ.ਡੀ. ਕਾਲਜ ਵਿੱਚ ਦਾਖਲਾ ਲਿਆ। ਉਦੋਂ ਉਸ ਨੇ ਪ੍ਰਸਿੱਧ ਹੌਲੀਵੁੱਡ ਫਿਲਮ ‘ਟਾਈਟੈਨਿਕ’ ਦੇ ਹੀਰੋ-ਹੀਰੋਇਨ ਦਾ ਆਈਕੌਨਿਕ ਪੋਜ਼ ਦੇਖਿਆ ਤਾਂ ਉਹ ਇੰਨਾ ਖਿੱਚਿਆ ਗਿਆ ਕਿ ਫਿਲਮ ਲਾਈਨ ਵਿੱਚ ਜਾਣ ਦੀ ਤਮੰਨਾ ਪੈਦਾ ਹੋ ਗਈ। ਵੱਡੇ ਭਰਾ ਦੀ ਹੱਲਾਸ਼ੇਰੀ ਤੋਂ ਬਾਅਦ ਐੱਸ.ਡੀ.ਕਾਲਜ ਵਿੱਚ ਪ੍ਰੋ. ਸਰਬਜੀਤ ਔਲਖ ਦੀ ਛਤਰ ਛਾਇਆ ਹੇਠ ਉਸ ਨੇ ਯੁਵਕ ਮੇਲਿਆਂ ਦੇ ਥੀਏਟਰ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਪ੍ਰੋ. ਸਤੀਸ਼ ਵਰਮਾ ਦੇ ਲਿਖੇ ਅਤੇ ਪ੍ਰੋ. ਸਰਬਜੀਤ ਔਲਖ ਦੇ ਨਿਰਦੇਸ਼ਿਤ ਨਾਟਕ ‘ਰੇਤ ਦੀਆਂ ਕੰਧਾਂ’ ਵਿੱਚ ਨਿੱਕੇ ਧਨਵੀਰ ਨੇ ਵੱਡਾ ਰੋਲ ਨਿਭਾਇਆ। ‘ਬੁੱਕਲ ਦੀ ਅੱਗ’ ਨਾਟਕ ਖੇਡਿਆ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਮੇਲਿਆਂ ਤੋਂ ਲੈ ਕੇ ਬਾਬਾ ਫ਼ਰੀਦ ਡਰਾਮਾ ਫੈਸਟੀਵਲ ਅਤੇ ਮਹਾਸ਼ਕਤੀ ਕਲਾ ਮੰਦਿਰ ਨਾਟ ਮੇਲਿਆਂ ਵਿੱਚ ਜਿੱਤਾਂ ਹਾਸਲ ਕੀਤੀਆਂ। ਉਸ ਨੇ ‘ਮਿੱਟੀ ਰੁਦਨ ਕਰੇ’ ਨਾਟਕ ਵਿੱਚ ਵੀ ਯਾਦਗਾਰੀ ਰੋਲ ਕੀਤਾ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਤੇ ਜਨ ਸੰਚਾਰ ਦੀ ਮਾਸਟਰ ਡਿਗਰੀ ਅਤੇ ਐੱਮ.ਏ. ਉਰਦੂ ਪਾਸ ਕੀਤੀ। ਧਨਵੀਰ ਨੇ ਆਪਣੀਆਂ ਆਰਥਿਕ ਜ਼ਰੂਰਤਾਂ ਲਈ ਰੇਡੀਓ ਜੌਕੀ ਵਜੋਂ ਕੰਮ ਸ਼ੁਰੂ ਕੀਤਾ ਅਤੇ ਨਾਲੋਂ-ਨਾਲ ਮੁੰਬਈ ਜਾ ਕੇ ਅਦਾਕਾਰੀ ਦੀਆਂ ਬਾਰੀਕੀਆਂ ਸਿੱਖਦਾ ਸੰਘਰਸ਼ ਕਰਨ ਲੱਗਿਆ। ਬਿੱਗ ਐੱਫ.ਐੱਮ. ਉੱਪਰ ‘ਆਰ.ਜੇ. ਦੇਸੀ ਧਨਵੀਰ’ ਵਜੋਂ ਉਸ ਨੇ 9 ਸਾਲ ਸ਼ੋਅ ਕੀਤਾ ਜੋ ਕਿ ਐੱਫ.ਐੱਮ. ਦੀ ਦੁਨੀਆ ਦੇ ਹਿੱਟ ਸ਼ੋਅ’ਜ਼ ਵਿੱਚੋਂ ਇੱਕ ਸੀ। ਕਾਲਜ ਜੀਵਨ ਤੋਂ ਰੰਗਮੰਚ ਨਾਲ ਜੁੜੇ ਧਨਵੀਰ ਸਿੰਘ ਨੇ ਸਭ ਤੋਂ ਪ੍ਰਭਾਵਸ਼ਾਲੀ ਕੰਮ ਸੰਗੀਤਕ ਨਾਟਕ ‘ਮੁਗ਼ਲ-ਏ-ਆਜ਼ਮ’ ਵਿੱਚ ਕੀਤਾ। ਇਹ ਨਾਟਕ ਅਮਰੀਕਾ, ਕੈਨੇਡਾ, ਮਲੇਸ਼ੀਆ, ਸਿੰਗਾਪੁਰ, ਕਤਰ, ਦੁਬਈ ਸਮੇਤ ਵਿਦੇਸ਼ਾਂ ਵਿੱਚ 100 ਤੋਂ ਵੱਧ ਅਤੇ ਭਾਰਤ ਸਣੇ ਕੁਲ 300 ਤੋਂ ਵੱਧ ਵਾਰ ਖੇਡਿਆ ਗਿਆ। ਇਸ ਵਿੱਚ ਧਨਵੀਰ ਨੇ ਸ਼ਹਿਜ਼ਾਦਾ ਸਲੀਮ ਦਾ ਰੋਲ ਨਿਭਾਇਆ। ਇਸ ਕਿਰਦਾਰ ਵੱਲੋਂ ਖੱਟੀ ਗਈ ਪ੍ਰਸ਼ੰਸਾ ਸਦਕਾ ਹੀ ਉਸ ਨੂੰ ਬੌਲੀਵੁੱਡ ਫਿਲਮਾਂ ਦੀ ਪੇਸ਼ਕਸ਼ ਮਿਲਣ ਲੱਗੀ। ਉਸ ਨੇ ਆਪਣੇ ਛੋਟੇ ਜਿਹੇ ਕਰੀਅਰ ਵਿੱਚ 2022 ਵਿੱਚ ਆਈ ਬੌਲੀਵੁੱਡ ਫਿਲਮ ‘ਦਸਵੀਂ’ ਵਿੱਚ ਅਭਿਸ਼ੇਕ ਬੱਚਨ ਦੇ ਛੋਟੇ ਭਰਾ ਅਤੁਲ ਚੌਧਰੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ 2023 ਦੇ ਅਖੀਰ ਵਿੱਚ ਆਈ ‘ਸੈਮ ਬਹਾਦੁਰ’ ਵਿੱਚ ਉਸ ਨੇ ਚੁਣੌਤੀਪੂਰਨ ਰੋਲ ਨਿਭਾਇਆ। ਵੈੱਬ ਸੀਰੀਜ਼ ਦੀ ਦੁਨੀਆ ਵਿੱਚ ਉਸ ਨੇ 2023 ਵਿੱਚ ਹੀ ਆਈ ਵੈੱਬ ਸੀਰੀਜ਼ ‘ਚਮਕ’ ਵਿੱਚ ਜੈ ਦਿਓਲ ਦਾ ਕਿਰਦਾਰ ਨਿਭਾਇਆ। ਇਸ ਤੋਂ ਪਹਿਲਾਂ 2020 ਵਿੱਚ ਆਈ ਟੀ.ਵੀ. ਸੀਰੀਜ਼ ‘ਕੈਸੀਨੋ’ ਵਿੱਚ ਵੀ ਦਮਦਾਰ ਰੋਲ ਨਿਭਾਇਆ। ਉਸ ਦੇ ਹਿੱਸੇ ਇੱਕ ਹੋਰ ਯਾਦਗਾਰੀ ਕੰਮ ਆਇਆ ਜੋ ਉਸ ਨੇ ਨੈਸ਼ਨਲ ਐਵਾਰਡ ਜੇਤੂ ਦਸਤਾਵੇਜ਼ੀ ਫਿਲਮ ‘ਦਿ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਵਿੱਚ ਕੀਤਾ। ਉਸ ਨੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਮੁੱਖ ਕਿਰਦਾਰ ਨਿਭਾਇਆ। ਇਸ ਕਿਰਦਾਰ ਨੂੰ ਉਸ ਨੇ ਪੂਰੀ ਪ੍ਰਮਾਣਿਕਤਾ ਅਤੇ ਜਾਨੂੰਨ ਨਾਲ ਪੇਸ਼ ਕੀਤਾ। ਇਸ ਭੂਮਿਕਾ ਨੇ ਸਿੱਧ ਕੀਤਾ ਕਿ ਉਹ ਇਤਿਹਾਸਕ ਪਾਤਰਾਂ ਨੂੰ ਨਿਭਾਉਣ ਲੱਗਿਆ ਕਿਵੇਂ ਡੂੰਘਾਈ ਵਿੱਚ ਜਾਂਦਾ ਹੈ ਅਤੇ ਉਸ ਕਿਰਦਾਰ ਨੂੰ ਪਰਦੇ ਉੱਪਰ ਸ਼ੁੱਧਤਾ ਤੇ ਸਤਿਕਾਰ ਨਾਲ ਹੂਬਹੂ ਪੇਸ਼ ਕਰਦਾ ਹੈ। ਧਨਵੀਰ ਅੱਜਕੱਲ੍ਹ ਆਪਣੀ ਨਵੀਂ ਫਿਲਮ ‘ਰੋਡੇ ਕਾਲਜ’ ਵਿੱਚ ਨਿਭਾਏ ਪ੍ਰੀਤ ਦੇ ਰੋਲ ਕਰਕੇ ਚਰਚਾ ਵਿੱਚ ਹੈ। ਹੈਪੀ ਰੋਡੇ ਵੱਲੋਂ ਲਿਖੀ ਤੇ ਨਿਰਦੇਸ਼ਿਤ ਇਸ ਫਿਲਮ ਵਿੱਚ ਧਨਵੀਰ ਨੇ ਕਿਰਦਾਰ ਦੀ ਮੰਗ ਅਨੁਸਾਰ ਕਈ ਮੌਕਿਆਂ ’ਤੇ ਚੁੱਪ ਰਹਿ ਕੇ ਹੀ ਉਹ ਕੰਮ ਕਰਕੇ ਵਿਖਾ ਦਿੱਤਾ ਜਿਹੜਾ ਕੋਈ ਸੰਵਾਦ ਬੋਲ ਕੇ ਵੀ ਨਹੀਂ ਕਰ ਸਕਦਾ। ਸਿਨੇਮਾ ਜਗਤ ਨੂੰ ਉਸ ਤੋਂ ਵੱਡੀਆਂ ਆਸਾਂ ਹਨ।

Related Post

post

July 7, 2024
post

June 29, 2024