
ਸਿਹਤ ਵਿਭਾਗ ਤੇ ਵਿਜੀਲੈਂਸ ਟੀਮ ਨੇ ਫੈਕਟਰੀ ਮਾਲਕ ਦੀ ਮੌਜੂਦਗੀ ਵਿਚ ਸੈਂਪਲ ਭਰ ਕੱਟੇ ਤਿੰਨ ਚਲਾਨ
- by Jasbeer Singh
- March 27, 2025

ਸਿਹਤ ਵਿਭਾਗ ਤੇ ਵਿਜੀਲੈਂਸ ਟੀਮ ਨੇ ਫੈਕਟਰੀ ਮਾਲਕ ਦੀ ਮੌਜੂਦਗੀ ਵਿਚ ਸੈਂਪਲ ਭਰ ਕੱਟੇ ਤਿੰਨ ਚਲਾਨ ਫਰੀਦਕੋਟ : ਪੰਜਾਬ ਦੇ ਜਿ਼ਲਾ ਫਰੀਦਕੋਟ ਦੀ ਵਿਜੀਲੈਂਸ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਕੋਟਕਪੁਰਾ ਰੋਡ ਫਰੀਦਕੋਟ ਵਿਖੇ ਫੈਕਟਰੀ ਦੇ ਮਾਲਕ ਦੀ ਹਾਜ਼ਰੀ ਵਿਚ ਅਚਨਚੇਤ ਚੈਕਿੰਗ ਕਰਕੇ ਫੂਡ ਸੇਫਟੀ ਐਕਟ ਅਧੀਨ ਜਿਥੇ ਤਿੰਨ ਚਲਾਨ ਕੱਟੇ ਉਥੇ ਫੈਕਟਰੀ ਵਿਚ ਤਿਆਰ ਕੀਤੇ ਜਾ ਰਹੇ ਅਚਾਰ ਤੇ ਮੁਰੱਬੇ ਦੇ ਚਾਰ ਸੈਂਪਲ ਵੀ ਭਰੇ। ਦੱਸਣਯੋਗ ਹੈ ਕਿ ਇਸ ਮੌਕੇ ਉਪਰੋਕਤ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਵਿਚ ਕੇਵਲ ਕ੍ਰਿਸ਼ਨ ਉੱਪ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਯੂਨਿਟ ਫ਼ਰੀਦਕੋਟ ਦੀ ਟੀਮ ਸ਼ਾਮਲ ਸੀ, ਜਿਸ ਵਿਚ ਹਰਵਿੰਦਰ ਸਿੰਘ ਫੂਡ ਸੇਫ਼ਟੀ ਅਫ਼ਸਰ, ਦਫ਼ਤਰ ਸਿਵਲ ਸਰਜਨ ਫ਼ਰੀਦਕੋਟ ਸ਼ਾਮਲ ਸਨ।ਇਥੇ ਇਹ ਵੀ ਦੱਸਣਯੋਗ ਹੈ ਕਿ ਉਪਰੋਕਤ ਟੀਮਾਂ ਨਗੇਸ਼ਵਰ ਰਾਓ ਆਈ. ਪੀ. ਐਸ. ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਅਤੇ ਮਨਜੀਤ ਸਿੰਘ ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਫਿ਼ਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਪਹੁੰਚੀਆਂ ਸਨ । ਹਰਵਿੰਦਰ ਸਿੰਘ ਫੂਡ ਸੇਫ਼ਟੀ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਸੈਂਪਲਾਂ ਨੂੰ ਨਿਰੀਖਣ ਲਈ ਫੂਡ ਐਂਡ ਡਰੱਗਜ ਲੈਬ ਖਰੜ ਵਿਖੇ ਜਮ੍ਹਾਂ ਕਰਵਾਇਆ ਜਾਵੇਗਾ। ਨਿਰੀਖਕ ਰਿਪੋਰਟ ਆਉਣ ’ਤੇ ਜੇਕਰ ਕਿਸੇ ਪ੍ਰਕਾਰ ਦੀ ਮਿਲਾਵਟ ਜਾਂ ਕਮੀ ਪਾਈ ਗਈ ਤਾਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।