ਸੁਰੱਖਿਆ ਫੋਰਸਾਂ ਨਾਲ ਮੁਕਾਬਲੇ `ਚ ਮਾਰੇ ਗਏ 12 ਨਕਸਲੀ ਤੇ 3 ਜਵਾਨ ਹੋਏ ਸ਼ਹੀਦ
- by Jasbeer Singh
- December 4, 2025
ਸੁਰੱਖਿਆ ਫੋਰਸਾਂ ਨਾਲ ਮੁਕਾਬਲੇ `ਚ ਮਾਰੇ ਗਏ 12 ਨਕਸਲੀ ਤੇ 3 ਜਵਾਨ ਹੋਏ ਸ਼ਹੀਦ ਬੀਜਾਪੁਰ, 4 ਦਸੰਬਰ 2025 : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ `ਚ ਬੁੱਧਵਾਰ ਸੁਰੱਖਿਆ ਫੋਰਸਾਂ ਨਾਲ ਹੋਏ ਇਕ ਭਿਆਨਕ ਮੁਕਾਬਲੇ ਦੌਰਾਨ 12 ਨਕਸਲੀ ਮਾਰੇ ਗਏ ਅਤੇ 3 ਜਵਾਨ ਵੀ ਸ਼ਹੀਦ ਹੋ ਗਏ । ਮੁਕਾਬਲਾ ਬੀਜਾਪੁਰ-ਦੰਤੇਵਾੜਾ ਜਿ਼ਲਿਆਂ ਦੀ ਹੱਦ ਨਾਲ ਲੱਗਦੇ ਪੱਛਮੀ ਬਸਤਰ ਡਵੀਜ਼ਨ ਖੇਤਰ `ਚ ਹੋਇਆ : ਪੁਲਸ ਅਧਿਕਾਰੀ ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੁਕਾਬਲਾ ਬੀਜਾਪੁਰ-ਦੰਤੇਵਾੜਾ ਜਿ਼ਲਿਆਂ ਦੀ ਹੱਦ ਨਾਲ ਲੱਗਦੇ ਪੱਛਮੀ ਬਸਤਰ ਡਵੀਜ਼ਨ ਖੇਤਰ `ਚ ਹੋਇਆ। ਜਿ਼ਲਾ ਪੁਲਸ ਸੁਪਰਡੈਂਟ ਜਤਿੰਦਰ ਯਾਦਵ ਨੇ ਕਿਹਾ ਕਿ ਜ਼ਿਲਾ ਰਿਜ਼ਰਵ ਗਾਰਡ (ਡੀ. ਆਰ. ਜੀ.) ਦੰਤੇਵਾੜਾ-ਬੀਜਾਪੁਰ, ਸਪੈਸ਼ਲ ਟਾਸਕ ਫੋਰਸ ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀ ਕੋਬਰਾ ਬਟਾਲੀਅਨ ਨੂੰ ਸਵੇਰੇ 9 ਵਜੇ ਬੀਜਾਪੁਰ-ਦੰਤੇਵਾੜਾ ਜਿ਼ਲਿਆਂ ਦੀ ਹੱਦ ਨਾਲ ਲੱਗਦੇ ਪੱਛਮੀ ਬਸਤਰ ਡਵੀਜ਼ਨ ਖੇਤਰ `ਚ ਗਸ਼ਤ ਕਰਨ ਲਈ ਭੇਜਿਆ ਗਿਆ ਸੀ। ਮੁਕਾਬਲੇ ਵਾਲੀ ਥਾਂ ਤੋਂ ਬੁੱਧਵਾਰ ਰਾਤ ਤੱਕ 12 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ : ਆਈ. ਜੀ. ਪੀ. ਬਸਤਰ ਖੇਤਰ ਦੇ ਇੰਸਪੈਕਟਰ ਜਨਰਲ ਪੁਲਸ ਸੁੰਦਰਰਾਜ ਪੱਟਾਲਿੰਗਮ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਬੁੱਧਵਾਰ ਰਾਤ ਤੱਕ 12 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਕੁੱਝ ਰਾਈਫਲਾਂ, ਹੋਰ ਹਥਿਆਰ ਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਮਾਰੇ ਗਏ ਨਕਸਲੀਆਂ ਦੀ ਪਛਾਣ ਨਹੀਂ ਹੋ ਸਕੀ। ਬੀਜਾਪੁਰ ਡੀ. ਆਰ.ਜੀ. ਦੇ ਤਿੰਨ ਸਿਪਾਹੀ ਹੈੱਡ ਕਾਂਸਟੇਬਲ ਮੋਨੂੰ ਵਦਾਦੀ, ਕਾਂਸਟੇਬਲ ਡੁਕਰੂ ਗੋਂਡੇ ਤੇ ਕਾਂਸਟੇਬਲ ਰਮੇਸ਼ ਸੋਢੀ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ, ਜਦਕਿ ਦੋ ਹੋਰ ਜਵਾਨ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਮੁੱਢਲੀ ਸਹਾਇਤਾ ਮੁਹੱਈਆ ਕੀਤੀ ਗਈ ।
