ਰਾਸ਼ਟਰੀ ਲੋਕ ਅਦਾਲਤ ਦੌਰਾਨ 1588 ਕੇਸਾਂ ਦਾ ਹੋਇਆ ਨਿਪਟਾਰਾ ਕਰੀਬ 26 ਕਰੋੜ 19 ਲੱਖ 12 ਹਜ਼ਾਰ 06 ਸੌ 60 ਰੁਪਏ ਦੇ ਅਵਾਰਡ ਪਾਸ ਮਾਲੇਰਕੋਟਲਾ, 09 ਮਈ 2026 : ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ (ਨਾਲਸਾ), ਨਵੀਂ ਦਿੱਲੀ ਦੀਆਂ ਹਦਾਇਤਾਂ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਲੇਰਕੋਟਲਾ ਵੱਲੋਂ ਜ਼ਿਲ੍ਹਾ ਕੋਰਟ ਕੰਪਲੈਕਸ, ਮਲੇਰਕੋਟਲਾ ਵਿਖੇ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੈਂਬਰ ਸਕੱਤਰ ਸ੍ਰੀਮਤੀ ਜਗਦੀਪ ਕੌਰ ਵਿਰਕ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਮਲੇਰਕੋਟਲਾ ਕੋਰਟ ਕੰਪਲੈਕਸ ਦਾ ਦੌਰਾ ਕੀਤਾ ਗਿਆ ਅਤੇ ਨਵੇਂ ਗਠਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਲੇਰਕੋਟਲਾ ਦੇ ਦਫ਼ਤਰ ਲਈ ਜਗ੍ਹਾ ਦਾ ਮੁਆਇਨਾ ਵੀ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਸ਼ੀਸ਼ ਠਠਈ ਨੇ ਦੱਸਿਆ ਕਿ ਧਿਰਾਂ ਨੂੰ ਆਪਣੇ ਕੇਸ ਆਪਸੀ ਰਜ਼ਾਮੰਦੀ ਨਾਲ ਲੋਕ ਅਦਾਲਤ ਰਾਹੀਂ ਨਿਬੇੜਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਲੇਰਕੋਟਲਾ ਵਿੱਚ ਅਦਾਲਤੀ ਕੇਸਾਂ ਦੇ ਨਿਪਟਾਰੇ ਲਈ ਐਡੀਸਨਲ ਜਿਲ੍ਹਾ ਅਤੇ ਸੈਸਨਜ ਜੱਜ ਪਰਮਿੰਦਰ ਸਿੰਘ ਗਰੇਵਾਲ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜਨ) ਕਮ- ਜੇ.ਐਮ.ਆਈ.ਸੀ. ਤੇਜਿੰਦਰ ਪ੍ਰੀਤ ਕੌਰ, ਸਿਵਲ ਜੱਜ (ਜੂਨੀਅਰ ਡਿਵੀਜਨ) ਕਮ- ਜੇ.ਐਮ.ਆਈ.ਸੀ.ਵਿਸ਼ਵ ਗੁਪਤਾ ਅਤੇ ਮਾਲ ਵਿਭਾਗ ਦੇ ਕੇਸਾਂ ਲਈ ਤਹਿਸੀਲਦਾਰ ਰਿਤੂ ਗੁਪਤਾ ਅਧੀਨ ਕੁੱਲ 4 ਲੋਕ ਅਦਾਲਤੀ ਬੈਂਚਾਂ ਦਾ ਗਠਨ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਰਾਸ਼ਟਰੀ ਲੋਕ ਅਦਾਲਤ ਦੌਰਾਨ ਕੁੱਲ 4873 ਕੇਸ ਵਿਚਾਰੇ ਗਏ, ਜਿਨ੍ਹਾਂ ਵਿੱਚੋਂ 1588 ਕੇਸਾਂ ਦਾ ਸਫਲ ਨਿਪਟਾਰਾ ਕੀਤਾ ਗਿਆ। ਜਿਸ ਵਿੱਚ ਕਰੀਬ 26 ਕਰੋੜ 19 ਲੱਖ 12 ਹਜ਼ਾਰ 06 ਸੌ 60 ਰੁਪਏ ਦੇ ਅਵਾਰਡ ਪਾਸ ਕੀਤੇ ਗਏ । ਲੋਕ ਅਦਾਲਤਾਂ ਦੇ ਲਾਭਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕ ਅਦਾਲਤਾਂ ਵਿੱਚ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਕੇਸਾਂ ਦਾ ਸਥਾਈ ਹੱਲ ਹੁੰਦਾ ਹੈ ਅਤੇ ਕੋਰਟ ਫੀਸ ਵੀ ਵਾਪਸ ਮਿਲ ਜਾਂਦੀ ਹੈ। ਇਸ ਪ੍ਰਕਿਰਿਆ ਨਾਲ ਸਮੇਂ ਅਤੇ ਧਨ ਦੀ ਬਚਤ ਹੁੰਦੀ ਹੈ ਅਤੇ । ਇਸ ਵਿੱਚ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਹੋਣ ਨਾਲ ਦੋਵੇਂ ਧਿਰਾਂ ਹੀ ਜੇਤੂ ਰਹਿੰਦੀਆਂ ਹਨ ।
