
ਪਟਿਆਲਾ ਤੋਂ ਹੜ੍ਹ ਪੀੜਤ ਸਰਹੱਦੀ ਜ਼ਿਲ੍ਹਿਆਂ ਲਈ 16 ਟਰੱਕ ਰਾਹਤ ਸਮੱਗਰੀ ਰਵਾਨਾ
- by Jasbeer Singh
- September 8, 2025

ਪਟਿਆਲਾ ਤੋਂ ਹੜ੍ਹ ਪੀੜਤ ਸਰਹੱਦੀ ਜ਼ਿਲ੍ਹਿਆਂ ਲਈ 16 ਟਰੱਕ ਰਾਹਤ ਸਮੱਗਰੀ ਰਵਾਨਾ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫ਼ੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਤੋਂ ਰਾਹਤ ਸਮੱਗਰੀ ਨੂੰ ਝੰਡੀ ਦੇ ਕੇ ਕੀਤੀ ਰਵਾਨਾ – ਮਨੁੱਖਤਾ ਦੀ ਮਿਸਾਲ : ਪਟਿਆਲਾ ਨੇ ਖ਼ੁਦ ਹੜ੍ਹ ਪ੍ਰਭਾਵਿਤ ਹੋਣ ਦੇ ਬਾਵਜੂਦ ਹੋਰ ਜ਼ਿਲ੍ਹਿਆਂ ਨੂੰ ਦਿੱਤੀ ਮਦਦ : ਡਾ. ਬਲਬੀਰ ਸਿੰਘ ਪਟਿਆਲਾ, 8 ਸਤੰਬਰ 2025 : ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਨੂੰ ਸਮੇਂ ਸਿਰ ਸਹਾਇਤਾ ਪਹੁੰਚਾਉਣ ਦੇ ਲਗਾਤਾਰ ਯਤਨਾਂ ਨੂੰ ਅੱਗੇ ਵਧਾਉਂਦੇ ਹੋਏ, ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫ਼ੋਂ ਪਟਿਆਲਾ ਤੋਂ 16 ਟਰੱਕਾਂ ਵਿਚ ਭੇਜੀ ਗਈ ਰਾਹਤ ਸਮੱਗਰੀ ਨੂੰ ਰਵਾਨਾ ਕੀਤਾ । ਇਹ ਰਾਹਤ ਸਮੱਗਰੀ, ਜੋ ਕਿ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਵੱਲੋਂ ਇਕੱਠੀ ਕੀਤੀ ਗਈ ਹੈ, ਵਿੱਚ ਪਸ਼ੂਆਂ ਲਈ ਸਾਇਲੇਜ, 5 ਹਜ਼ਾਰ ਰਾਸ਼ਨ ਕਿੱਟਾਂ (ਜਿਨ੍ਹਾਂ ਵਿੱਚ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਹਨ), ਮੈਡੀਕਲ ਕਿੱਟਾਂ, ਓ. ਆਰ. ਐਸ., ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਓਡੋਮੋਸ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਹਨ । ਇਹ ਟਰੱਕ ਖ਼ਾਸ ਤੌਰ ’ਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੋਰ ਸਰਹੱਦੀ ਜ਼ਿਲ੍ਹਿਆਂ ਵੱਲ ਭੇਜੇ ਜਾ ਰਹੇ ਹਨ, ਜੋ ਹੜ੍ਹ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ । ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪਹਿਲ ਪੰਜਾਬੀਆਂ ਦੀ ਚੜ੍ਹਦੀਕਲਾ ਨੂੰ ਦਰਸਾਉਂਦੀ ਹੈ, ਜਿੱਥੇ ਲੋਕ ਆਪਣੀਆਂ ਮੁਸ਼ਕਲਾਂ ਤੋਂ ਉੱਪਰ ਉੱਠ ਕੇ ਹੋਰ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਂਦੇ ਹਨ । ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਪਟਿਆਲਾ ਜ਼ਿਲ੍ਹਾ ਵੀ ਹੜ੍ਹ ਨਾਲ ਪ੍ਰਭਾਵਿਤ ਹੈ ਪਰ ਇੱਥੋਂ ਦੇ ਲੋਕਾਂ ਅਤੇ ਸੰਸਥਾਵਾਂ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਦੀ ਮਦਦ ਕਰ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ । ਸਿਹਤ ਮੰਤਰੀ ਨੇ ਖ਼ਾਸ ਤੌਰ ’ਤੇ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਸਹਾਇਤਾ ਦੀ ਸਰਾਹਨਾ ਕੀਤੀ ਜਿਨ੍ਹਾਂ ਨੇ 16 ਟਰੱਕਾਂ ਦੀ ਇਹ ਰਾਹਤ ਸਮੱਗਰੀ ਇਕੱਠੀ ਕਰਨ ਲਈ ਅਹਿਮ ਭੂਮਿਕਾ ਨਿਭਾਈ । ਇਸੇ ਤਰ੍ਹਾਂ ਉਨ੍ਹਾਂ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ, ਡਾਇਰੈਕਟਰ ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਅਤੇ ਆਲ ਇੰਡੀਆ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੀ ਵੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਮਿਲ ਕੇ ਪੀੜਤ ਲੋਕਾਂ ਤੱਕ ਸਮੇਂ ਸਿਰ ਮਦਦ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ । ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੁਰੰਤ ਰਾਹਤ ਕੰਮਾਂ ਤੋਂ ਲੈ ਕੇ ਲੰਬੇ ਸਮੇਂ ਦੀ ਬਹਾਲੀ ਯੋਜਨਾਵਾਂ ਤੱਕ ਪੂਰੇ ਜ਼ੋਰ ਨਾਲ ਕੰਮ ਕਰ ਰਹੀ ਹੈ । ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੋਬਾਈਲ ਹੈਲਥ ਕੈਂਪ, ਪਸ਼ੂ ਇਲਾਜ ਸੇਵਾਵਾਂ, ਖ਼ੁਰਾਕ ਵੰਡ ਅਤੇ ਪੁਨਰਵਾਸ ਉਪਰਾਲਿਆਂ ਰਾਹੀਂ ਲੋਕਾਂ ਦੀਆ ਸਮੱਸਿਆਵਾਂ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ । ਉਨ੍ਹਾਂ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਲੋਕਾਂ ਦੇ ਜੀਵਨ ਨੂੰ ਦੁਬਾਰਾ ਪਟੜੀ ’ਤੇ ਲਿਆਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ । ਇਸ ਮੌਕੇ ਐਸ. ਡੀ. ਐਮ. ਪਟਿਆਲਾ ਹਰਜੋਤ ਕੌਰ, ਸੂਬਾ ਪ੍ਰਧਾਨ ਗੁਰਦੀਪ ਸਿੰਘ ਚੀਮਾ, ਸ਼ਾਮ ਲਾਲ ਢੇਲਵਾਂ, ਭੋਲਾ ਸਿੰਘ, ਨਰੇਸ਼ ਕੁਮਾਰ, ਸੁਰਜੀਤ ਢਿੱਲੋਂ, ਗੁਰਜੰਟ ਸਿੰਘ, ਦਿਲਬਾਗ ਸਿੰਘ, ਅਮਰਜੀਤ ਸਿੰਘ ਬਖਸ਼ੀਵਾਲਾ, ਚਮਨ ਲਾਲ, ਰੋਸ਼ਨ ਲਾਲ, ਸੰਜੀਵ ਸ਼ੈਲੀ, ਇੰਦਰਜੀਤ ਸਿੰਘ ਸੰਧੂ, ਰਾਕੇਸ਼ ਕੁਮਾਰ, ਅਜੈਬ ਸਿੰਘ ਜਵੰਧਾ, ਇਕਬਾਲ ਸਿੰਘ ਸਰਾਂ, ਗੌਰਵ ਗੋਇਲ, ਵਿੱਕੀ, ਨਰਿੰਦਰ ਗਰਗ, ਕੁਲਦੀਪ ਸੋਹਰੀਆ, ਜਸਕਰਨ ਸਿੰਘ, ਰਾਕੇਸ਼ ਕੁਮਾਰ, ਗੁਰਦੀਪ ਸਿੰਘ ਕਕਰਾਲਾ, ਪਰਮਜੀਤ ਸਿੰਘ, ਸ਼ਿਵ ਕੁਮਾਰ, ਲਖਵੀਰ ਸਿੰਘ ਥਾਬਲਾਂ, ਅਨੀਸ਼ ਜਿੰਦਲ, ਸੁਰਜੀਤ ਸਿੰਘ ਸ਼ਾਹੀ, ਤਰਸੇਮ ਬਾਂਸਲ, ਸੰਜੀਵ ਟਾਂਡਾ, ਸਤਿੰਦਰ ਸਿੰਘ, ਨਰੇਸ਼ ਕੁਮਾਰ ਮਿੱਤਲ, ਦਰਬਾਰਾ ਸਿੰਘ, ਸੁਰੇਸ਼ ਡਕਾਲਾ, ਵਿਕਰਮਜੀਤ ਸਿੰਘ ਤੇ ਸਰਜੀਵਨ ਕੁਮਾਰ ਅਤੇ ਕਈ ਹੋਰ ਵਿਅਕਤੀ ਵੀ ਹਾਜ਼ਰ ਸਨ ।