
ਦੋ ਏਕੜ ਵਿੱਚ ਫੈਲੇ ਛੱਪੜ ਦੇ ਓਵਰ ਫਲੋਅ ਪਾਣੀ ਨਾਲ ਹੋਵੇਗੀ 170 ਏਕੜ ਰਕਬੇ ਦੀ ਸਿੰਚਾਈ
- by Jasbeer Singh
- April 30, 2025

ਦੋ ਏਕੜ ਵਿੱਚ ਫੈਲੇ ਛੱਪੜ ਦੇ ਓਵਰ ਫਲੋਅ ਪਾਣੀ ਨਾਲ ਹੋਵੇਗੀ 170 ਏਕੜ ਰਕਬੇ ਦੀ ਸਿੰਚਾਈ - ਪਿੰਡ ਘਨੌਰ ਕਲਾਂ ਵਿੱਚ ਭੂਮੀ ਰੱਖਿਆ ਅਤੇ ਜਲ ਸੰਭਾਲ ਵਿਭਾਗ ਵੱਲੋਂ 21.25 ਲੱਖ ਰੁਪਏ ਦੀ ਲਾਗਤ ਨਾਲ ਪਾਈ ਜਾ ਰਹੀ 2 ਕਿਲੋਮੀਟਰ ਲੰਮੀ ਪਾਈਪ ਲਾਈਨ - ਖੇਤੀ ਲਈ ਵਰਤੇ ਪਾਣੀ ਦਾ ਕਿਸੇ ਕਿਸਾਨ ਤੋਂ ਕੋਈ ਪੈਸਾ ਵੀ ਨਹੀਂ ਲਿਆ ਜਾਵੇਗਾ - ਸੂਬਾ ਸਰਕਾਰ ਵੱਲੋਂ ਪੰਜਾਬ ਦੇ ਹਰੇਕ ਪਿੰਡ ਵਿੱਚ ਇਹ ਪ੍ਰੋਜੈਕਟ ਲਗਾਇਆ ਜਾਵੇਗਾ - ਚੇਅਰਮੈਨ ਦਲਵੀਰ ਸਿੰਘ ਢਿੱਲੋਂ ਧੂਰੀ/ਸੰਗਰੂਰ, 30 ਅਪ੍ਰੈਲ (000) - ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਘਨੌਰ ਕਲਾਂ ਦਾ ਦੋ ਏਕੜ ਰਕਬੇ ਵਿੱਚ ਫੈਲਿਆ ਛੱਪੜ ਹੁਣ ਪਿੰਡ ਲਈ ਸ਼ਰਾਪ ਜਾਂ ਬਦਸੂਰਤੀ ਦਾ ਕੇਂਦਰ ਨਹੀਂ ਰਹੇਗਾ। ਸਗੋਂ ਹੁਣ ਇਸ ਛੱਪੜ ਦੇ ਪਾਣੀ ਨਾਲ 170 ਏਕੜ (68 ਹੈਕਟੇਅਰ ਏਰੀਆ) ਰਕਬੇ ਨੂੰ ਸਿੰਜਿਆ ਜਾ ਸਕੇਗਾ। ਇਸ ਮਹੱਤਵਪੂਰਨ ਪ੍ਰੋਜੈਕਟ ਤਹਿਤ ਪਾਈਪ ਪਾਉਣ ਦੇ ਕੰਮ ਦੀ ਪੰਜਾਬ ਰਾਜ ਉਦਯੋਗ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਸ਼ੁਰੂਆਤ ਕਰਵਾਈ। ਇਸ ਮੌਕੇ ਉਹਨਾਂ ਨਾਲ ਸ੍ਰ ਰਾਜਵੰਤ ਸਿੰਘ ਘੁਲੀ ਚੇਅਰਮੈਨ ਮੰਡੀ ਬੋਰਡ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ। ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਘਨੌਰ ਕਲਾਂ ਦੀ ਗੰਦੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ। ਪਿੰਡ ਵਾਸੀਆਂ ਵੱਲੋਂ ਇਹ ਸਮੱਸਿਆ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਂਦੀ ਗਈ ਤਾਂ ਉਹਨਾਂ ਨੇ ਪੰਜਾਬ ਸਰਕਾਰ ਦੇ ਭੂਮੀ ਰੱਖਿਆ ਅਤੇ ਜਲ ਸੰਭਾਲ ਵਿਭਾਗ ਨੂੰ ਇਸ ਦਾ ਫੌਰੀ ਹੱਲ ਕਰਨ ਲਈ ਕਿਹਾ ਸੀ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਤਿਆਰ ਕੀਤੇ ਗਏ ਪ੍ਰੋਜੈਕਟ ਤਹਿਤ ਹੁਣ ਛੱਪੜ ਦੇ ਪਾਣੀ ਨੂੰ ਲਗਭਗ ਦੋ ਕਿਲੋਮੀਟਰ ਲੰਬੀ ਅੰਡਰਗਰਾਊਂਡ ਪਾਈਪ ਰਾਹੀਂ ਲੋਕਾਂ ਦੇ ਖੇਤਾਂ ਤੱਕ ਸਿੰਚਾਈ ਲਈ ਵਰਤਣ ਹਿੱਤ ਪਹੁੰਚਾਇਆ ਜਾਵੇਗਾ। ਪੰਜਾਬ ਸਰਕਾਰ ਅਤੇ ਨਾਬਾਰਡ ਦੇ ਇਸ ਸਾਂਝੇ ਪ੍ਰੋਜੈਕਟ ਉੱਤੇ ਕੁੱਲ 21.25 ਲੱਖ ਰੁਪਏ ਦੀ ਲਾਗਤ ਆਵੇਗੀ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਹਰੇਕ ਪਿੰਡ ਵਿੱਚ ਇਹ ਪ੍ਰੋਜੈਕਟ ਲਗਾਇਆ ਜਾਵੇਗਾ। ਇਸ ਮੌਕੇ ਹਾਜ਼ਰ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਸਾਰੇ ਪੰਚਾਇਤ ਮੈਂਬਰਾਂ ਨੇ ਇਕ ਸੁਰ ਵਿੱਚ ਕਿਹਾ ਕਿ ਇਹ ਕੰਮ ਮੁਕੰਮਲ ਹੋਣ ਨਾਲ ਛੱਪੜ ਦਾ ਪਾਣੀ ਓਵਰ ਫਲੋਅ ਨਹੀਂ ਹੋਵੇਗਾ। ਪਹਿਲਾਂ ਇਹ ਪਾਣੀ ਗਲੀਆਂ ਵਿੱਚ ਘੁੰਮਦਾ ਰਹਿੰਦਾ ਸੀ। ਜਿਸ ਕਾਰਨ ਮੌਸਮੀ ਬਿਮਾਰੀਆਂ ਅਤੇ ਹਰ ਸਮੇਂ ਬਦਬੂ ਫੈਲੀ ਰਹਿੰਦੀ ਸੀ। ਬਰਸਾਤਾਂ ਵੇਲੇ ਇਹ ਸਮੱਸਿਆ ਬਹੁਤ ਹੀ ਵਿਕਰਾਲ ਰੂਪ ਧਾਰਨ ਕਰ ਲੈਂਦੀ ਸੀ। ਇਹ ਪਾਣੀ ਦੋਵੇਂ ਫਸਲਾਂ ਕਣਕ ਅਤੇ ਝੋਨੇ ਲਈ ਮਿਲੇਗਾ। ਜਦਕਿ ਪਹਿਲਾਂ ਇਹ ਪਾਣੀ ਅਜਾਈਂ ਚਲਾ ਜਾਂਦਾ ਸੀ ਪਰ ਹੁਣ ਖੇਤੀ ਲਈ ਵਰਤਿਆ ਜਾਵੇਗਾ। ਹੁਣ ਕਿਸਾਨਾਂ ਨੂੰ ਮੋਟਰਾਂ ਤੋਂ ਪਾਣੀ ਲੈਣ ਦੀ ਲੋੜ੍ਹ ਨਹੀਂ ਪਵੇਗੀ। ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੇ ਮੰਡਲ ਭੂਮੀ ਰੱਖਿਆ ਅਫਸਰ ਸ੍ਰੀ ਕੇਸ਼ਵ ਕੁਮਾਰ ਨੇ ਦੱਸਿਆ ਕਿ ਇਸ ਛੱਪੜ ਵਿੱਚੋਂ ਪਾਣੀ ਖੇਤਾਂ ਤੱਕ ਪਹੁੰਚਾਉਣ ਲਈ ਸਾਢੇ ਸੱਤ ਹਾਰਸ ਪਾਵਰ ਦਾ ਸੋਲਰ ਪੰਪ ਮੋਟਰ ਨਾਲ ਚੱਲੇਗਾ। ਸੋਲਰ ਪੰਪ ਅਤੇ ਮੋਟਰ ਦਾ ਖਰਚਾ ਵੀ ਵਿਭਾਗ ਵੱਲੋਂ ਬਰਦਾਸ਼ਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖੇਤੀ ਲਈ ਵਰਤੇ ਪਾਣੀ ਦਾ ਕਿਸੇ ਕਿਸਾਨ ਤੋਂ ਕੋਈ ਪੈਸਾ ਵੀ ਨਹੀਂ ਲਿਆ ਜਾਵੇਗਾ। ਇਸ ਮੌਕੇ ਚੇਅਰਮੈਨ ਸ੍ਰ ਰਾਜਵੰਤ ਸਿੰਘ, ਸ੍ਰ ਸੁਖਦੇਵ ਸਿੰਘ ਬਲਾਕ ਪ੍ਰਧਾਨ, ਸ੍ਰ ਅੰਮ੍ਰਿਤਪਾਲ ਸਿੰਘ ਸਰਪੰਚ ਘਨੌਰੀ ਕਲਾਂ, ਉਪ ਮੰਡਲ ਭੂਮੀ ਰੱਖਿਆ ਅਫਸਰ ਸੰਗਰੂਰ ਜਸਪਾਲ ਸਿੰਘ, ਭੂਮੀ ਰੱਖਿਆ ਅਫਸਰ ਧੂਰੀ ਸੁਖਜੀਵਨ ਸਿੰਘ, ਸਰਵੇਅਰ ਆਰਿਫ, ਸਰਵੇਅਰ ਪਵਨ ਕੁਮਾਰ, ਸਰਵੇਅਰ ਦੀਪਕ ਕੁਮਾਰ ਹਾਜ਼ਰ ਰਹੇ।
Related Post
Popular News
Hot Categories
Subscribe To Our Newsletter
No spam, notifications only about new products, updates.