post

Jasbeer Singh

(Chief Editor)

ਪੰਜਾਬ ਸਰਕਾਰ ਨੇ ਬਣਾਇਆ ਵੱਖ-ਵੱਖ ਸਰਕਾਰੀ ਯੋਜਨਾਵਾਂ ਨੂੰ ਆਸਾਨ

post-img

ਪੰਜਾਬ ਸਰਕਾਰ ਨੇ ਬਣਾਇਆ ਵੱਖ-ਵੱਖ ਸਰਕਾਰੀ ਯੋਜਨਾਵਾਂ ਨੂੰ ਆਸਾਨ ਚੰਡੀਗੜ੍ਹ, 14 ਅਗਸਤ 2025 : ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਨੂੰ ਹੋਰ ਵੀ ਸੌਖਾ ਬਣਾਇਆ ਗਿਆ ਹੈ ਤਾਂ ਜੋ ਇਨ੍ਹਾਂ ਸਕੀਮਾਂ ਤੱਕ ਕਿਰਤੀਆਂ ਦੀ ਸੁਖਾਲੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ । ਪੰਜਾਬ ਸਰਕਾਰ ਨੇ ਸ਼ਗਨ ਸਕੀਮ ਵਿਚ ਤਹਿਸੀਲਦਾਰ ਦੁਆਰਾ ਵਿਆਹ ਸਰਟੀਫ਼ਿਕੇਟ ਜਾਰੀ ਕਰਨ ਦੀ ਲੋੜ ਨੂੰ ਹਟਾਇਆ ਉਨ੍ਹਾਂ ਕਿਹਾ ਕਿ ਪੰਜਾਬ ਬਿਲਡਿੰਗ ਵਰਕਰਜ਼ ਵੈਲਫੇਅਰ ਬੋਰਡ ਦੀ `ਸ਼ਗਨ ਸਕੀਮ` ਵਿੱਚ ਤਹਿਸੀਲਦਾਰ ਦੁਆਰਾ ਵਿਆਹ ਸਰਟੀਫ਼ਿਕੇਟ ਜਾਰੀ ਕਰਨ ਦੀ ਲੋੜ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਇਸ ਸਬੰਧੀ ਧਾਰਮਿਕ ਸੰਸਥਾ, ਜਿਥੇ ਵਿਆਹ ਹੋਇਆ ਹੋਵੇ ਦੀ ਤਸਵੀਰ ਅਤੇ ਦੋਵਾਂ ਪਰਿਵਾਰਾਂ ਵੱਲੋਂ ਦਿੱਤਾ ਸਵੈ-ਘੋਸ਼ਣਾ ਪੱਤਰ ਕਾਫ਼ੀ ਹੋਵੇਗਾ। ਸੌਂਦ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ 51,000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ। ਕਿਹੜੀ ਯੋਜਨਾ ਤਹਿਤ ਕੀ ਕੀ ਹੈ ਮਿਲਦਾ ਪੰਜਾਬ ਸਰਕਾਰ ਵਲੋਂ ਸਿਰਫ਼ ਬੱਚੇ ਦਾ ਜਨਮ ਸਰਟੀਫਿਕੇਟ ਜਮ੍ਹਾਂ ਕਰਵਾਉਣ `ਤੇ ਮਹਿਲਾ ਉਸਾਰੀ ਕਿਰਤੀਆਂ ਲਈ 21 ਹਜ਼ਾਰ ਰੁਪਏ ਅਤੇ ਪੁਰਸ਼ਾਂ ਲਈ 5 ਹਜ਼ਾਰ ਰੁਪਏ ਦੇ ਜਣੇਪਾ ਲਾਭ ਦਿੱਤੇ ਜਾਂਦੇ ਹਨ। ਇਸ ਤੋਂ ਪਹਿਲਾਂ ਬੱਚੇ ਦਾ ਆਧਾਰ ਕਾਰਡ ਜਮ੍ਹਾਂ ਕਰਵਾਉਣਾ ਪੈਂਦਾ ਸੀ ਪਰ ਹੁਣ ਇਹ ਪੁਰਾਣੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਉਪਰੋਕਤ ਯੋਜਨਾ ਵਿਚ ਹੋਰ ਸਹੂਲਤਾਂ ਦੇਣ ਦੇ ਚਲਦਿਆਂ ਪੰਜਾਬ ਕਿਰਤ ਭਲਾਈ ਬੋਰਡ ਵਿੱਚ ਸ਼ਗਨ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਮੈਰਿਜ ਸਰਟੀਫ਼ਿਕੇਟ ਦੀ ਸ਼ਰਤ ਵੀ ਖਤਮ ਕਰ ਦਿੱਤੀ ਗਈ ਹੈ ਅਤੇ ਹੁਣ ਕਿਰਤੀ ਧਾਰਮਿਕ ਸਥਾਨਾਂ ਅਤੇ ਵਿਆਹ ਕਰਵਾਉਣ ਵਾਲੀਆਂ ਧਾਰਮਿਕ ਸ਼ਖਸੀਅਤਾਂ ਦੀਆਂ ਫੋਟੋਆਂ ਜਮ੍ਹਾਂ ਕਰਵਾ ਕੇ ਸ਼ਗਨ ਸਕੀਮ ਦਾ ਲਾਭ ਲੈ ਸਕਦੇ ਹਨ । ਕਿਰਤ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਕਿਰਤ ਭਲਾਈ ਬੋਰਡ ਨੇ ਬੱਚਿਆਂ ਲਈ `ਵਜ਼ੀਫ਼ਾ ਯੋਜਨਾ` ਅਧੀਨ ਮਜ਼ਦੂਰਾਂ ਦੀ ਦੋ ਸਾਲ ਦੀ ਸੇਵਾ ਸ਼ਰਤ ਵੀ ਖ਼ਤਮ ਕਰ ਦਿੱਤੀ ਹੈ ਅਤੇ ਮਜ਼ਦੂਰ ਆਪਣਾ ਯੋਗਦਾਨ ਪਾਉਣ ਦੇ ਦਿਨ ਤੋਂ ਹੀ ਵਜ਼ੀਫ਼ਾ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ । ਕੈਬਨਿਟ ਮੰਤਰੀ ਸੌਂਦ ਨੇ ਦੱਸਿਆ ਕਿ 90 ਦਿਨਾਂ ਤੋਂ ਵੱਧ ਕੰਮ ਕਰ ਚੁੱਕੇ ਮਨਰੇਗਾ ਮਜ਼ਦੂਰਾਂ ਨੂੰ ਸਾਰੇ ਸਬੰਧਤ ਲਾਭ ਪ੍ਰਾਪਤ ਕਰਨ ਲਈ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਰਵਰੀ 2025 ਵਿੱਚ ਹੋਈ ਪੰਜਾਬ ਕਿਰਤ ਭਲਾਈ ਬੋਰਡ ਦੀ 55ਵੀਂ ਮੀਟਿੰਗ ਵਿੱਚ ਭਲਾਈ ਸਕੀਮਾਂ ਪ੍ਰਤੀ ਜਾਗਰੂਕਤਾ ਲਈ 1 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ ।

Related Post

Instagram