

30 ਵਿਚੋਂ 23 ਕੁੜੀਆਂ ਨੇ ਬਣਾਈ ਸੂਬੇ ਦੀ ਮੈਰਿਟ ’ਚ ਥਾਂ - ਜ਼ਿਲ੍ਹੇ ਦੀ ਟੌਪਰ ਬਣੀ ਪਲੇ ਵੇਜ ਸਕੂਲ ਪਟਿਆਲਾ ਦੀ ਵਿਦਿਆਰਥਣ ਜਪਨੀਤ ਕੌਰ, ਸੂਬੇ ’ਚ 5ਵਾਂ ਰੈਂਕ - 1774 ਵਿਦਿਆਰਥੀ ਹੋਏ ਫੇਲ੍ਹ - ਜ਼ਿਲ੍ਹੇ ਦੇ 17837 ਵਿਦਿਆਰਥੀਆਂ ਵਿੱਚੋਂ 16063 ਹੋਏ ਪਾਸ ਪਟਿਆਲਾ, 15 ਮਈ 2025 : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿੱਚ ਇਕ ਵਾਰ ਫਿਰ ਤੋਂ ਕੁੜੀਆਂ ਨੇ ਬਾਜੀ ਮਾਰੀ ਹੈ । ਪਟਿਆਲਾ ਜਿਲ੍ਹੇ ਦੇ ਕੁੱਲ 30 ਵਿਦਿਆਰਥੀਆਂ ਨੇ ਸੂਬੇ ਦੀ ਮੈਰਿਟ ’ਚ ਜਗ੍ਹਾ ਬਣਾ ਕੇ ਆਪਣੇ ਸਕੂਲ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ । ਇਨ੍ਹਾਂ ਨਤੀਜਿਆਂ ’ਚ ਕੁੜੀਆਂ ਨੇ ਆਪਣੀ ਸਰਦਾਰੀ ਕਾਇਮ ਰੱਖਦਿਆ 30 ਵਿਚੋਂ 23 ਲੜਕੀਆਂ ਨੇ ਸੂਬੇ ਦੀ ਮੈਰਿਟ ’ਚ ਨਾਮ ਦਰਜ ਕਰਵਾਇਆ ਹੈ ਜਦੋਂ ਕਿ 7 ਲੜਕੇ ਸ਼ਾਮਲ ਹਨ । ਇਸ ਤੋਂ ਇਲਾਵਾ ਜ਼ਿਲ੍ਹੇ ਦੇ 17837 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 16063 ਵਿਦਿਆਰਥੀ ਪਾਸ ਹੋਏ ਹਨ ਤੇ 1774 ਵਿਦਿਆਰਥੀ ਫੇਲ੍ਹ ਹੋਏ ਹਨ। ਜਿਲ੍ਹੇ ਦਾ ਨਤੀਜਾ 90.05 ਫੀਸਦੀ ਰਿਹਾ ਹੈ। ਇਸ ਤੋਂ ਇਲਾਵਾ ਓਵਰਆਲ ਪਟਿਆਲਾ ਜ਼ਿਲ੍ਹੇ ਦਾ ਸੂਬੇ ਦੀ ਮੈਰਿਟ ਵਿੱਚ ਤੀਜਾ ਰੈਂਕ ਹੈ । ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਨੂੰ ਪਛਾੜਦਿਆਂ ਸ਼ਹਿਰ ਦੇ ਨਾਮੀ ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ ਲਾਹੌਰੀ ਗੇਟ ਪਟਿਆਲਾ ਦੀ ਵਿਦਿਆਰਥਣ ਜਪਨੀਤ ਕੌਰ ਨੇ 495 ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਟੌਪ ਕਰਦਿਆਂ ਪਹਿਲਾ ਸਥਾਨ ਲੈ ਕੇ ਸੂਬੇ ਦੀ ਮੈਰਿਟ ਵਿੱਚ ਪੰਜਵਾਂ ਰੈਂਕ ਹਾਸਲ ਕੀਤਾ ਹੈ ਜਦੋਂ ਕਿ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾਭਾ ਦੀ ਵਿਦਿਆਰਥਣ ਇਸਪ੍ਰੀਤ ਕੌਰ ਨੇ 495 ਨੰਬਰ ਲੈ ਕੇ ਜ਼ਿਲ੍ਹੇ ਵਿਚੋਂ ਦੂਜਾ ਤੇ ਸੂਬੇ ਦੀ ਮੈਰਿਟ ’ਚ 5ਵਾਂ ਰੈਂਕ ਹਾਸ਼ਲ ਕੀਤਾ ਹੈ । ਇਸ ਤੋਂ ਇਲਾਵਾ ਪਲੇ ਵੇਜ ਸੀਨੀ. ਸੈਕੰਡਰ ਸਕੂਲ ਲਾਹੌਰੀ ਗੇਟ ਪਟਿਆਲਾ ਦੇ ਵਿਦਿਆਰਥੀ ਯੁਵਰਾਜ ਸਿੰਘ ਨੇ 494 ਅੰਕ ਲੈ ਕੇ 6ਵਾਂ ਰੈਂਕ ਅਤੇ ਇਸੇ ਸਕੂਲ ਦੀ ਜਸਲੀਨ ਕੌਰ ਨੇ 492 ਅੰਕਾਂ ਨਾਲ 8ਵਾਂ ਸਥਾਨ ਲੈ ਕੇ ਸਕੂਲ ਦੀ ਬੱਲੇ ਬੱਲੇ ਕਰਵਾਈ ਹੈ । ਜ਼ਿਲ੍ਹੇ ਦੇ ਮੈਰਿਟ ’ਚ ਆਏ 30 ਸਕੂਲਾਂ ਵਿਚੋਂ 18 ਨਿਜੀ ਸਕੂਲ ਅਤੇ 12 ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹਨ । ਜ਼ਿਲ੍ਹੇ ਭਰ ਦੇ ਜਿਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਮੈਰਿਟ ਵਿੱਚ ਥਾਂ ਬਣਾਈ ਹੈ ਉਨ੍ਹਾਂ ਸਕੂਲਾਂ ਵਿੱਚ ਸ਼ਾਮ ਵੇਲੇ ਵਿਆਹ ਵਰਗਾ ਮਹੌਲ ਬਣਿਆ ਰਿਹਾ । ਸਕੂਲਾਂ ਵਿੱਚ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਢੋਲ ਦੀ ਥਾਪ ’ਤੇ ਭੰਗੜਾ ਪਾ ਕੇ ਖੁਸ਼ੀ ਮਨਾਈ ।