ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ 17 ਦਸੰਬਰ ਨੂੰ ਹੋਣ ਵਾਲੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ-ਡਾ. ਪ੍ਰੀਤ
- by Jasbeer Singh
- December 15, 2025
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ 17 ਦਸੰਬਰ ਨੂੰ ਹੋਣ ਵਾਲੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ-ਡਾ. ਪ੍ਰੀਤੀ ਯਾਦਵ -ਏ. ਡੀ. ਸੀ ਡਾ. ਇਸਮਤ ਵਿਜੇ ਸਿੰਘ ਨੇ ਗਿਣਤੀਕਾਰਾਂ ਨੂੰ ਕਰਵਾਈ ਸਿਖਲਾਈ ਪਟਿਆਲਾ, 15 ਦਸੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਕਿਹਾ ਹੈ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਂੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ । ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਸਾਰੇ ਰਿਟਰਨਿੰਗ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕਰਦਿਆਂ 10 ਗਿਣਤੀ ਕੇਂਦਰਾਂ ਵਿਖੇ ਸੁਰੱਖਿਆ ਸਮੇਤ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਨ੍ਹਾਂ ਵੋਟਾਂ ਦੀ ਗਿਣਤੀ ਪੂਰੀ ਤਰ੍ਹਾਂ ਨਿਰਪੱਖ, ਸੁਤੰਤਰ, ਸੁਰੱਖਿਅਤ ਅਤੇ ਆਜ਼ਾਦਾਨਾ ਢੰਗ ਨਾਲ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਰਵਾਈ ਜਾਵੇਗੀ। ਇਸੇ ਦੌਰਾਨ ਏ.ਡੀ.ਸੀ. (ਸ਼ਹਿਰੀ ਵਿਕਾਸ) ਡਾ. ਇਸਮਤ ਵਿਜੇ ਸਿੰਘ ਨੇ ਇੱਥੇ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਸਾਰੇ ਗਿਣਤੀਕਾਰ ਸੁਪਰਵਾਈਜਰਾਂ ਤੇ ਸਹਾਇਕਾਂ ਨੂੰ ਵੋਟਾਂ ਦੀ ਗਿਣਤੀ ਦੀ ਵਿਸਥਾਰਪੂਰਵਕ ਸਿਖਲਾਈ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਲਈ ਹੋਈਆਂ ਚੋਣਾਂ ਦੀ ਗਿਣਤੀ ਲਈ ਸਾਰੇ ਗਿਣਤੀ ਕੇਂਦਰਾਂ ਵਿਖੇ 14-14 ਮੇਜ ਲੱਗਣਗੇ ਅਤੇ ਜਿਸ ਲਈ ਸੁਪਰਵਾਈਜਰ ਤੇ ਸਹਾਇਕ ਅਮਲਾ ਤਾਇਨਾਤ ਕੀਤਾ ਗਿਆ ਹੈ। ਏ.ਡੀ.ਸੀ. ਤੇ ਮਾਸਟਰ ਟ੍ਰੇਨਰ ਵੱਲੋਂ ਸਾਰੇ ਗਿਣਤੀਕਾਰਾਂ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਮੇਤ ਗਿਣਤੀ ਦੇ ਨੁਕਤਿਆਂ ਦੀਆਂ ਬਾਰੀਕੀਆਂ ਤੋਂ ਵਿਸਥਾਰ ਵਿੱਚ ਜਾਣੂ ਕਰਵਾਇਆ। ਇਸ ਮੌਕੇ ਸਬੰਧਤ ਬਲਾਕਾਂ ਦੇ ਰਿਟਰਨਿੰਗ ਅਧਿਕਾਰੀ ਨਮਨ ਮਾਰਕੰਨ, ਕੰਨੂ ਗਰਗ, ਅਸ਼ੋਕ ਕੁਮਾਰ, ਹਰਜੋਤ ਕੌਰ ਮਾਵੀ, ਰਿਚਾ ਗੋਇਲ, ਸੁਖਪਾਲ ਸਿੰਘ, ਇੰਜ. ਵਨੀਤ ਸਿੰਗਲਾ, ਇੰਜ. ਧਰਮਵੀਰ ਕਮਲ ਤੇ ਇੰਜ. ਗੁਰਸ਼ਰਨ ਸਿੰਘ ਵਿਰਕ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਪਟਿਆਲਾ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਮਹਿੰਦਰਾ ਕਾਲਜ ਵਿਖੇ, ਪਟਿਆਲਾ ਦਿਹਾਤੀ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਆਈ.ਟੀ.ਆਈ ਨਾਭਾ ਰੋਡ ਵਿਖੇ, ਨਾਭਾ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਰਿਪੁਦਮਨ ਕਾਲਜ ਨਾਭਾ, ਸਨੌਰ ਅਤੇ ਭੁਨਰਹੇੜੀ ਬਲਾਕਾਂ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਐਸ.ਐਸ.ਟੀ ਨਗਰ, ਰਾਜਪੁਰਾ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਮਿੰਨੀ ਸਕੱਤਰੇਤ ਰਾਜਪੁਰਾ, ਘਨੌਰ ਅਤੇ ਸ਼ੰਭੂ ਬਲਾਕਾਂ ਦੀ ਗਿਣਤੀ ਯੂਨੀਵਰਸਿਟੀ ਕਾਲਜ ਘਨੌਰ ਵਿਖੇ, ਸਮਾਣਾ ਬਲਾਕ ਦੀ ਗਿਣਤੀ ਪਬਲਿਕ ਕਾਲਜ ਸਮਾਣਾ ਅਤੇ ਪਾਤੜਾਂ ਬਲਾਕ ਦੀ ਗਿਣਤੀ ਕਿਰਤੀ ਕਾਲਜ ਨਿਆਲ ਵਿਖੇ ਹੋਵੇਗੀ।
