ਸਕੂਲ ਬੱਸ ਵਿੱਚ ਅੱਗ ਲੱਗਣ ਕਾਰਨ ਥਾਈਲੈਂਡ ਵਿਖੇ ਹੋਈ 25 ਵਿਦਿਆਰਥੀਆਂ ਦੀ ਮੌਤ
- by Jasbeer Singh
- October 1, 2024
ਸਕੂਲ ਬੱਸ ਵਿੱਚ ਅੱਗ ਲੱਗਣ ਕਾਰਨ ਥਾਈਲੈਂਡ ਵਿਖੇ ਹੋਈ 25 ਵਿਦਿਆਰਥੀਆਂ ਦੀ ਮੌਤ ਥਾਈਲੈਂਡ : ਸੈਰ ਸਪਾਟਾ ਦੇ ਕੇਂਦਰ ਬਿੰਦੂ ਵਜੋਂ ਪ੍ਰਸਿੱਧ ਥਾਈਲੈਂਡ ਵਿੱਚ ਇੱਕ ਸਕੂਲ ਬੱਸ ਵਿੱਚ ਅੱਗ ਲੱਗਣ ਕਾਰਨ 25 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਬੱਸ ਵਿੱਚ 5 ਅਧਿਆਪਕਾਂ ਨਾਲ 39 ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ 16 ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਬਚਾਅ ਕਰਮਚਾਰੀ ਬਾਕੀ ਬਚੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਮੌਕੇ `ਤੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੱਸ ਦਾ ਟਾਇਰ ਫਟਣ ਕਾਰਨ ਅੱਗ ਲੱਗੀ ਹੈ। ਖਬਰਾਂ ਮੁਤਾਬਕ ਇਹ ਹਾਦਸਾ ਬੈਂਕਾਕ ਦੇ ਖੂ ਖੋਤ ਇਲਾਕੇ `ਚ ਮੰਗਲਵਾਰ ਦੁਪਹਿਰ ਕਰੀਬ 12.30 ਵਜੇ ਵਾਪਰਿਆ। ਬੱਸ ਸਕੂਲ ਦੇ ਇੱਕ ਟੂਰ ਤੋਂ ਵਾਪਸ ਆ ਰਹੀ ਸੀ। ਬੱਸ ਵਿੱਚ 3 ਤੋਂ 15 ਸਾਲ ਤੱਕ ਦੇ ਬੱਚੇ ਮੌਜੂਦ ਸਨ। ਇਸ ਤੋਂ ਇਲਾਵਾ ਉਸ ਦੇ ਨਾਲ 5 ਅਧਿਆਪਕ ਵੀ ਸਵਾਰ ਸਨ। ਖਬਰਾਂ ਮੁਤਾਬਕ ਬੱਸ ਦਾ ਡਰਾਈਵਰ ਫਰਾਰ ਹੈ ਅਤੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਥਾਈਲੈਂਡ ਦੇ ਪ੍ਰਧਾਨ ਮੰਤਰੀ ਪਿਤੋਂਗਤਾਰਨ ਸ਼ਿਨਾਵਾਤਰਾ ਨੇ ਹਾਦਸੇ `ਚ ਜਾਨ ਗਵਾਉਣ ਵਾਲੇ ਬੱਚਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਟਰਾਂਸਪੋਰਟ ਮੰਤਰੀ ਨੂੰ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣ ਦੇ ਹੁਕਮ ਦਿੱਤੇ ਹਨ।ਦੇਸ਼ ਦੇ ਗ੍ਰਹਿ ਮੰਤਰੀ ਅਨੁਤਿਨ ਚਰਨਵੀਰਕੁਲ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਦੇ ਪਹੁੰਚਣ ਤੋਂ ਬਾਅਦ ਵੀ ਬੱਸ ਇੰਨੀ ਗਰਮ ਸੀ ਕਿ ਅੰਦਰ ਜਾਣਾ ਬਹੁਤ ਮੁਸ਼ਕਲ ਸੀ। ਇਸ ਕਾਰਨ ਹਾਦਸੇ ਤੋਂ ਬਾਅਦ ਕਾਫੀ ਦੇਰ ਤੱਕ ਲਾਸ਼ਾਂ ਬੱਸ ਵਿੱਚ ਪਈਆਂ ਰਹੀਆਂ। ਮਰਨ ਵਾਲਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਥਾਈਲੈਂਡ ਦੇ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਬੱਸ ਕੰਪਰੈੱਸਡ ਨੈਚੁਰਲ ਗੈਸ (ਸੀ.ਐੱਨ.ਜੀ.) `ਤੇ ਚੱਲ ਰਹੀ ਸੀ। ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਮੈਂ ਮੰਤਰਾਲੇ ਨੂੰ ਅਜਿਹੇ ਯਾਤਰੀ ਵਾਹਨਾਂ ਲਈ ਸੀਐਨਜੀ ਵਰਗੇ ਈਂਧਨ ਦੀ ਵਰਤੋਂ `ਤੇ ਪਾਬੰਦੀ ਲਗਾਉਣ ਅਤੇ ਕੋਈ ਹੋਰ ਵਿਕਲਪ ਲੱਭਣ ਲਈ ਕਿਹਾ ਹੈ। ਸੜਕ ਸੁਰੱਖਿਆ ਦੇ ਮਾਮਲੇ ਵਿੱਚ ਥਾਈਲੈਂਡ ਸਭ ਤੋਂ ਮਾੜੇ ਦੇਸ਼ਾਂ ਵਿੱਚੋਂ ਇੱਕ ਹੈ। ਇੱਥੇ ਨੁਕਸਦਾਰ ਵਾਹਨਾਂ ਅਤੇ ਗਲਤ ਡਰਾਈਵਿੰਗ ਕਾਰਨ ਹਰ ਸਾਲ 20 ਹਜ਼ਾਰ ਹਾਦਸੇ ਵਾਪਰਦੇ ਹਨ।
