ਖੇਡਦੇ ਸਮੇਂ ਜ਼ਹਿਰੀਲਾ ਫਲ ਖਾਣ ਨਾਲ 3 ਬੱਚਿਆਂ ਦੀ ਮੌਤ ਵਾਰਾਣਸੀ (ਯੂ. ਪੀ.), 7 ਜਨਵਰੀ 2026 : ਵਾਰਾਣਸੀ ਜ਼ਿਲੇ ਦੇ ਮਿਰਜ਼ਾਮੁਰਾਦ ਖੇਤਰ 'ਚ ਖੇਡਦੇ ਸਮੇਂ ਕਥਿਤ ਤੌਰ 'ਤੇ ਜ਼ਹਿਰੀਲਾ ਫਲ ਖਾਣ ਨਾਲ 3 ਬੱਚਿਆਂ ਦੀ ਮੌਤ ਹੋ ਗਈ । ਪੁਲਸ ਅਨੁਸਾਰ ਇਹ ਘਟਨਾ ਕਰਧਨਾ ਇਲਾਕੇ 'ਚ ਐਤਵਾਰ ਨੂੰ ਵਾਪਰੀ, ਜਦੋਂ ਕੁਝ ਬੱਚੇ ਆਪਸ 'ਚ ਖੇਡ ਰਹੇ ਸਨ । ਕਿਹੜਾ ਫਲ਼ ਖਾ ਲਿਆ ਸੀ ਬੱਚਿਆਂ ਨੇ ਪੁਲਸ ਦੇ ਡਿਪਟੀ ਕਮਿਸ਼ਨਰ (ਗੋਮਤੀ ਜ਼ੋਨ) ਆਕਾਸ਼ ਪਟੇਲ ਨੇ ਦੱਸਿਆ ਕਿ ਖੇਡ ਦੌਰਾਨ 3 ਬੱਚਿਆਂ ਨੇ ਅਣਜਾਣੇ 'ਚ ਕਨੇਰ ਦਾ ਫਲ ਖਾ ਲਿਆ, ਜੋ ਕਿ ਜ਼ਹਿਰੀਲਾ ਹੁੰਦਾ ਹੈ। ਫਲ ਖਾਣ ਤੋਂ ਕੁਝ ਸਮੇਂ ਬਾਅਦ ਹੀ ਤਿੰਨਾਂ ਦੀ ਤਬੀਅਤ ਵਿਗੜ ਗਈ। ਇਨ੍ਹਾਂ 'ਚੋਂ 2 ਬੱਚਿਆਂ ਦੀ ਮੌਤ ਐਤਵਾਰ ਨੂੰ ਹੀ ਹੋ ਗਈ ਸੀ, ਜਿਨ੍ਹਾਂ ਦਾ ਅੰਤਿਮ ਸੰਸਕਾਰ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੇ ਬਿਨਾਂ ਹੀ ਕਰ ਦਿੱਤਾ । ਤੀਜੇ ਬੱਚੇ ਨੂੰ ਗੰਭੀਰ ਹਾਲਤ 'ਚ ਕਾਸ਼ੀ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਸੋਮਵਾਰ ਨੂੰ ਉਸ ਦੀ ਵੀ ਮੌਤ ਹੋ ਗਈ । ਫਲ਼ ਨਾ ਖਾਣ ਵਾਲੇ ਬੱਚੇ ਹਨ ਸੁਰੱਖਿਅਤ : ਪਟੇਲ ਹਸਪਤਾਲ ਤੋਂ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੂੰ ਮਾਮਲੇ ਦਾ ਪਤਾ ਲਗਾ । ਇਸ ਤੋਂ ਬਾਅਦ ਲੰਕਾ ਥਾਣਾ ਪੁਲਸ ਵੱਲੋਂ ਪੰਚਨਾਮੇ ਸਮੇਤ ਹੋਰ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ । ਪਟੇਲ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੇ ਨਾਲ ਖੇਡ ਰਹੇ ਹੋਰ ਬੱਚਿਆਂ ਨੇ ਉਹ ਫਲ ਨਹੀਂ ਖਾਧਾ ਸੀ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ।
