post

Jasbeer Singh

(Chief Editor)

Patiala News

ਸੜਕ ਹਾਦਸੇ `ਚ ਕਾਰ ਸਵਾਰ ਦੋ ਸਕੇ ਭਰਾਵਾਂ ਸਮੇਤ 3 ਲੋਕਾਂ ਦੀ ਮੌਤ

post-img

ਸੜਕ ਹਾਦਸੇ `ਚ ਕਾਰ ਸਵਾਰ ਦੋ ਸਕੇ ਭਰਾਵਾਂ ਸਮੇਤ 3 ਲੋਕਾਂ ਦੀ ਮੌਤ ਪਟਿਆਲਾ : ਪਟਿਆਲਾ-ਸਰਹਿੰਦ ਰੋਡ `ਤੇ ਸਥਿਤ ਪਿੰਡ ਫੱਗਣ ਮਾਜਰਾ ਕੋਲ ਵਾਪਰੇ ਸੜਕ ਹਾਦਸੇ `ਚ ਕਾਰ ਸਵਾਰ ਦੋ ਸਕੇ ਭਰਾਵਾਂ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਰਛਪਾਲ ਸਿੰਘ (34) ਪਿੰਡ ਧਨੌਂਡਾ ਵਾਸੀ ਮੂਲੇਪੁਰ ਫਤਹਿਗੜ੍ਹ ਸਾਹਿਬ, ਰਘੁਵੀਰ ਸਿੰਘ (32) ਅਤੇ ਉਸ ਦੇ ਚਚੇਰੇ ਭਰਾ ਮਨਵੀਰ (21) ਵਜੋਂ ਹੋਈ ਹੈ। ਜਦੋਂਕਿ ਜ਼ਖ਼ਮੀਆਂ ’ਚ ਜ਼ਖਮੀ ਵਿੱਕੀ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ ਤੇ ਇੱਕ ਹੋਰ ਜ਼ਖ਼ਮੀ ਵਿਅਕਤੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਇਲਾਜ ਅਧੀਨ ਹੈ। ਇਸ ਹਾਦਸੇ ’ਚ ਕਾਰ ਤੇ ਲੋਡੈਡ ਟਰੈਕਟਰ-ਟਰਾਲੀ ਵਿਚਾਲੇ ਸਿੱਧੀ ਟੱਕਰ ਹੋ ਗਈ। ਕਾਰ ਫਤਿਹਗੜ੍ਹ ਸਾਹਿਬ ਤੋਂ ਪਟਿਆਲਾ ਵੱਲ ਆ ਰਹੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਐੱਫ ਦੇ ਕਾਂਸਟੇਬਲ ਬੌਬੀ ਖਾਨ, ਚਮਕੌਰ ਸਿੰਘ ਅਤੇ ਸੰਦੀਪ ਗਿੱਲ ਨੇ ਤੁਰੰਤ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਗੱਡੀ ’ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਪਰ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਮ੍ਰਿਤਕ ਅਤੇ ਜ਼ਖ਼ਮੀ ਵਿਅਕਤੀ ਜੇਸੀਬੀ ਮਸ਼ੀਨਾਂ ਚਲਾਉਣ ਦਾ ਕੰਮ ਕਰਦੇ ਸਨ। ਪੁਲਿਸ ਜਾਣਕਾਰੀ ਅਨੁਸਾਰ ਰਘਵੀਰ ਸਿੰਘ ਦੇ ਰਿਸ਼ਤੇਦਾਰ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੂੰ ਪਟਿਆਲਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸ਼ਨੀਵਾਰ ਰਾਤ ਰਘੁਬੀਰ ਅਤੇ ਰਛਪਾਲ ਆਪਣੇ ਚਚੇਰੇ ਭਰਾ ਅਤੇ ਬਿਮਾਰ ਇਕ ਹੋਰ ਰਿਸ਼ਤੇਦਾਰ ਦਾ ਪਤਾ ਲੈਣ ਲਈ ਕਾਰ ’ਚ ਫਤਹਿਗੜ੍ਹ ਸਾਹਿਬ ਤੋਂ ਪਟਿਆਲਾ ਵੱਲ ਆ ਰਹੇ ਸਨ। ਇਨ੍ਹਾਂ ਵਿਅਕਤੀਆਂ ਦੇ ਅੱਗੇ ਇੱਕ ਟਰੈਕਟਰ ਟਰਾਲੀ ਜਾ ਰਹੀ ਸੀ, ਜਿਸ ਦੀ ਪਟਿਆਲਾ ਵੱਲੋਂ ਆ ਰਹੀ ਟਰਾਲੀ ਨਾਲ ਟੱਕਰ ਹੋ ਗਈ। ਟੱਕਰ ਤੋਂ ਪਹਿਲਾਂ ਟਰੈਕਟਰ ਚਾਲਕ ਨੇ ਆਪਣੇ ਆਪ ਨੂੰ ਬਚਾਉਣ ਲਈ ਅਚਾਨਕ ਟਰੈਕਟਰ ਮੋੜ ਦਿੱਤਾ, ਜਿਸ ਕਾਰਨ ਪਿੱਛੇ ਤੋਂ ਆ ਰਹੀ ਕਾਰ ਟਰੈਕਟਰ ਨਾਲ ਟਕਰਾ ਗਈ। ਟਰੈਕਟਰ ਦੇ ਦੋ ਟੁਕੜੇ ਹੋ ਗਏ ਅਤੇ ਸਾਰੇ ਸਵਾਰ ਕਾਰ ਦੇ ਅੰਦਰ ਹੀ ਫਸ ਗਏ। ਐੱਸਐੱਸਐੱਫ ਦੀ ਟੀਮ ਅਤੇ ਰਾਹਗੀਰਾਂ ਨੂੰ ਕਾਰ ਦੀ ਤਾਕੀ ਨੂੰ ਤੋੜ ਕੇ ਇਨ੍ਹਾਂ ਸਾਰੇ ਲੋਕਾਂ ਨੂੰ ਬਾਹਰ ਕੱਢਣਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਇਸ ਹਾਦਸੇ `ਚ ਦੋ ਲੋਕਾਂ ਦੀ ਮੌਕੇ `ਤੇ ਹੀ ਮੌਤ ਹੋ ਗਈ।

Related Post