post

Jasbeer Singh

(Chief Editor)

Patiala News

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

post-img

-ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ -ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਪਟਿਆਲਾ ਪੁੱਜਣ ‘ਤੇ ਭਰਵਾਂ ਸਵਾਗਤ -ਵੱਡੀ ਗਿਣਤੀ ਸੰਗਤ ਸਮੇਤ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਾਮਾਜਰਾ, ਨੀਨਾ ਮਿੱਤਲ, ਗੁਰਲਾਲ ਘਨੌਰ ਤੇ ਚੇਅਰਮੈਨ ਹਡਾਣਾ ਨਗਰ ਕੀਰਤਨ ਨੂੰ ਨਤਮਸਤਕ ਹੋਏ -ਪਟਿਆਲਾ ਜ਼ਿਲ੍ਹੇ ‘ਚ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ 36 ਅਸਥਾਨਾਂ ਦੇ ਸਰਬਪੱਖੀ ਵਿਕਾਸ ਲਈ ਮੁੱਖ ਮੰਤਰੀ ਨੇ 50-50 ਲੱਖ ਰੁਪਏ ਦੀਆਂ ਵਿਸ਼ੇਸ਼ ਗਰਾਂਟਾਂ ਜਾਰੀ ਕੀਤੀਆਂ-ਡਾ. ਬਲਬੀਰ ਸਿੰਘ -ਸ਼ਹਾਦਤ-ਏ-ਲੋਅ, ਨਗਾਰਿਆਂ ਦੀ ਗੂੰਜ ਤੇ ਗੱਤਕੇ ਦੇ ਜੌਹਰ, ਇਤਿਹਾਸ ਦਰਸਾਉਂਦੀ ਐਲਈਡੀ ਵੈਨ ਸੰਗਤ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ -ਪਟਿਆਲਾ ਪੁਲਿਸ ਦੀ ਹਥਿਆਰਬੰਦ ਟੁਕੜੀ ਨੇ ਨਗਰ ਕੀਰਤਨ ਗਾਰਡ ਆਫ ਆਨਰ ਭੇਟ ਕਰਕੇ ਸਲਾਮੀ ਦਿੱਤੀ -ਵਾਹਨਾਂ ਦੇ ਵੱਡੇ ਕਾਫ਼ਲੇ ‘ਚ ਸਵਾਰ ਸ਼ਰਧਾਲੂ ਨਗਰ ਕੀਰਤਨ ‘ਚ ਸ਼ਰਧਾ ਨਾਲ ਹੋਏ ਸ਼ਾਮਲ ਪਟਿਆਲਾ, 21 ਨਵੰਬਰ 2025 : "ਹਿੰਦ ਦੀ ਚਾਦਰ" ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਲਵੰਡੀ ਸਾਬੋ ਤੋਂ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਅਰੰਭ ਹੋਏ ਵਿਸ਼ਾਲ ਨਗਰ ਕੀਰਤਨ ਦਾ ਪਟਿਆਲਾ ਪੁੱਜਣ ਉਤੇ ਸੰਗਤ ਵੱਲੋਂ ਗਜਾਏ ਜੈਕਾਰਿਆਂ ਦੀ ਗੂੰਜ ਨਾਲ ਭਰਵਾਂ ਸਵਾਗਤ ਕਰਦਿਆਂ ਇੱਥੇ ਲੀਲ੍ਹਾ ਭਵਨ ਵਿਖੇ ਪੁਲਿਸ ਦੀ ਹਥਿਆਰਬੰਦ ਟੁੱਕੜੀ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਸਾਹਿਬ ਵਿੱਚ ਨਾਲ ਸੁਸ਼ੋਭਿਤ ਜੁਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਕ ਹੋਣ ਸਮੇਂ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕਰਦਿਆਂ ਸਿਹਤ ਮੰਤਰੀ ਡਾ ਬਲਬੀਰ ਸਿੰਘ ਸਮੇਤ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸੂਬਾ ਜਨਰਲ ਸਕੱਤਰ ਬਲਤੇਜ ਪੰਨੂ ਅਤੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣਾ ਸਾਡੇ ਸਾਰਿਆਂ ਲਈ ਇਤਿਹਾਸਕ ਪਲ ਹਨ। ਸਿਹਤ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਸਮੇਤ ਉਨ੍ਹਾਂ ਦੇ ਅਨਿੰਨ੍ਹ ਸਿੱਖਾਂ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੇ ਹਕੂਮਤੀ ਜ਼ਬਰ ਅਤੇ ਜਬਰੀ ਧਰਮ-ਪਰਿਵਰਤਨ ਦੇ ਖ਼ਿਲਾਫ ਖੜ੍ਹੇ ਹੋ ਕੇ ਦਰਸਾਇਆ ਕਿ ਉਨ੍ਹਾਂ ਦੀ ਕੁਰਬਾਨੀ ਕਿਸੇ ਇੱਕ ਧਰਮ ਲਈ ਨਹੀਂ ਬਲਕਿ ਸਮੁੱਚੀ ਮਨੁੱਖਤਾ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਨਿਮਾਣੇ ਸ਼ਰਧਾਲੂ ਵਜੋਂ ਪੂਰੀ ਅਕੀਦਤ, ਸ਼ਰਧਾ ਭਾਵਨਾ ਤੇ ਗੁਰਮਤਿ ਮਰਿਯਾਦਾ ਨਾਲ ਮਨਾ ਰਹੀ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ ਵਰੁਣ ਸ਼ਰਮਾ, ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਤੇ ਸ਼ਹਿਰ ਦੀ ਸੰਗਤ ਵੱਡੀ ਗਿਣਤੀ ਵਿੱਚ ਮੌਜੂਦ ਰਹੀ। ਨਗਰ ਕੀਰਤਨ ਦੀ ਪਾਲਕੀ ਸਾਹਿਬ ਤੇ ਪੰਜ ਪਿਆਰੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਪਵਿੱਤਰ ਸਥਾਨ ਵਿਖੇ ਵੀ ਪੁੱਜੇ, ਜਿੱਥੇ ਸਤਿਕਾਰਯੋਗ ਪੰਜ ਪਿਆਰਿਆਂ ਨੂੰ ਸਿਰੋਪਾਓ ਨਾਲ ਸਤਿਕਾਰਿਆ ਗਿਆ ਤੇ ਸੰਗਤ ਨੇ ਭਰਵਾਂ ਸਵਾਗਤ ਕੀਤਾ। ਇਸ ਤੋਂ ਪਹਿਲਾਂ ਵਿਸ਼ਾਲ ਨਗਰ ਕੀਰਤਨ ਦਾ ਸੰਗਰੂਰ ਰੋਡ ਉਤੇ ਹਲਕਾ ਸਮਾਣਾ ਦੇ ਪਿੰਡ ਗੱਜੂਮਾਜਰਾ ਵਿਖੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਇਲਾਕੇ ਦੀ ਸੰਗਤ ਨੇ ਨਗਰ ਕੀਰਤਨ ਨੂੰ ਸਤਿਕਾਰ ਭੇਟ ਕਰਦਿਆਂ ਸਵਾਗਤ ਕੀਤਾ। ਜਦਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਤੇ ਸੰਗਤ ਨੇ ਵੀ ਗੁਰਦੁਆਰਾ ਪਰਮੇਸ਼ਵਰ ਦਵਾਰ, ਸ਼ੇਖੂਪੁਰ ਵਿਖੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ । ਪਟਿਆਲਾ ਤੋਂ ਬਾਅਦ ਗੁਰਦੁਆਰਾ ਸਾਹਿਬ ਬਹਾਦਰਗੜ੍ਹ ਵਿਖੇ ਹਲਕਾ ਸਨੌਰ ਵੱਲੋਂ ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਤੇ ਇਲਾਕੇ ਦੀ ਸੰਗਤ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਵਿਖੇ ਵੀ ਨਗਰ ਕੀਰਤਨ ਦਾ ਸਵਾਗਤ ਕੀਤਾ। ਜਦਕਿ ਰਾਜਪੁਰਾ ਰੋਡ ਵਿਖੇ ਵਿਧਾਇਕ ਗੁਰਲਾਲ ਘਨੌਰ ਨੇ ਖੇੜੀ ਗੰਢਿਆਂ ਨੇੜੇ ਗੇੜੀ ਰੂਟ ਵਿਖੇ ਨਗਰ ਕੀਰਤਨ ਅਤੇ ਸੰਗਤ ਦਾ ਭਰਵਾਂ ਸਵਾਗਤ ਕੀਤਾ ਅਤੇ ਵਿਧਾਇਕ ਨੀਨਾ ਮਿੱਤਲ ਨੇ ਰਾਜਪੁਰਾ ਦੇ ਫੁਆਰਾ ਚੌਂਕ ਵਿਖੇ ਇਲਾਕੇ ਦੀ ਸੰਗਤ ਸਮੇਤ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਦਿਆਂ ਸ਼ਾਨਦਾਰ ਸਵਾਗਤ ਕੀਤਾ। ਪਟਿਆਲਾ ਵਿਖੇ ਨਗਰ ਕੀਰਤਨ ਦੇ ਸਵਾਗਤ ਮੌਕੇ ਤੇਜਿੰਦਰ ਮਹਿਤਾ, ਮੇਘ ਚੰਦ ਸ਼ੇਰਮਾਜਰਾ, ਬਲਜਿੰਦਰ ਸਿੰਘ ਢਿੱਲੋਂ, ਜਗਦੀਪ ਜੱਗਾ, ਇੰਦਰਜੀਤ ਸਿੰਘ ਸੰਧੂ, ਹਰਿੰਦਰ ਕੋਹਲੀ, ਯਾਦਵਿੰਦਰ ਸਿੰਘ ਸੰਧੂ ਗੋਲਡੀ, ਅਮਰੀਕ ਸਿੰਘ ਬੰਗੜ, ਪਰਦੀਪ ਜੋਸ਼ਨ, ਜਰਨੈਲ ਮੰਨੂ, ਜਸਵੀਰ ਸਿੰਘ ਗਾਂਧੀ, ਅਮਿਤ ਡਾਬੀ, ਅੰਗਰੇਜ ਰਾਮਗੜ੍ਹ, ਗੁਰਦੀਪ ਸਿੰਘ ਟਿਵਾਣਾ, ਵੀਰਪਾਲ ਕੌਰ ਚਹਿਲ, ਰਾਜਵਿੰਦਰ ਕੌਰ ਤੋਂ ਇਲਾਵਾ ਧਾਰਮਿਕ, ਸਮਾਜਿਕ, ਰਾਜਨੀਤੀਕ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਆਦਿ ਹਾਜ਼ਰ ਸਨ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬੀਤੇ ਦਿਨ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ (ਦੇਗਸਰ) ਪਾਤਸ਼ਾਹੀ 10ਵੀਂ ਛਾਉਣੀ ਬੁੱਢਾ ਦਲ ਪੰਜਵਾਂ ਤਖਤ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਣ ਲਈ ਸਜਾਏ ਇਸ ਨਗਰ ਕੀਰਤਨ ਦੌਰਾਨ ਸ਼ਹਾਦਤ-ਏ-ਲੋਅ, ਧਾਰਮਿਕ ਕੀਰਤਨ, ਨਗਾਰਿਆਂ ਦੀ ਗੂੰਜ ਤੇ ਗੱਤਕੇ ਦੇ ਜੌਹਰ, ਇਤਿਹਾਸ ਦਰਸਾਉਂਦੀ ਐਲਈਡੀ ਵੈਨ ਸੰਗਤ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਵਾਹਨਾਂ ਦੇ ਵੱਡੇ ਕਾਫ਼ਲੇ ‘ਚ ਸਵਾਰ ਸ਼ਰਧਾਲੂ ਨਗਰ ਕੀਰਤਨ ‘ਚ ਸ਼ਰਧਾ ਭਾਵਨਾ ਨਾਲ ਹਿੱਸਾ ਲੈ ਰਹੇ ਹਨ ਅਤੇ ਸੰਗਤ ਦੀ ਸਹੂਲਤ ਲਈ ਕਾਫ਼ਲੇ ਵਿੱਚ ਐਂਬੂਲੈਂਸ, ਡਿਜੀਟਲ ਮਿਊਜ਼ੀਅਮ, ਲੰਗਰ ਦੀ ਵਿਵਸਥਾ ਤੇ ਹੋਰ ਲੋੜੀਂਦਾ ਸਾਜ਼ੋ-ਸਾਮਾਨ ਮੌਜੂਦ ਹੈ। ਇਸ ਨਗਰ ਕੀਰਤਨ ਦਾ ਠਹਿਰਾਅ 20 ਨਵੰਬਰ ਰਾਤ ਨੂੰ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਕੀਤਾ ਗਿਆ ਸੀ ਅਤੇ ਇਹ ਅੱਜ ਪਟਿਆਲਾ ਫੁਹਾਰਾ ਚੌਂਕ, ਲੀਲਾ ਭਵਨ, ਭੁਪਿੰਦਰਾ ਰੋਡ, ਥਾਪਰ ਯੂਨੀਵਰਸਿਟੀ ਚੌਂਕ ਅਤੇ ਜੇਲ੍ਹ ਰੋਡ-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ-ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ, ਖੰਡਾ ਚੌਂਕ ਪੁਰਾਣਾ ਬੱਸ ਅੱਡਾ, ਨਵਾਂ ਬੱਸ ਅੱਡਾ, ਅਰਬਨ ਅਸਟੇਟ, ਪੰਜਾਬੀ ਯੂਨੀਵਰਸਿਟੀ ਹੁੰਦਾ ਹੋਇਆ ਰਾਜਪੁਰਾ-ਬਨੂੜ ਤੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰਾਹੀਂ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ।

Related Post

Instagram