ਭਾਰੀ ਮੀਂਹ ਦੌਰਾਨ ਕੇਰਲ ਵਿਚ ਜ਼ਮੀਨ ਖਿਸਕਣ ਕਾਰਨ 57 ਵਿਅਕਤੀਆਂ ਦੀ ਮੌਤ ਨਵੀਂ ਦਿੱਲੀ, 30 ਜੁਲਾਈ : ਕੇਰਲ ਦੇ ਪਹਾੜੀ ਖੇਤਰ ਵਾਇਨਾਡ ਵਿੱਚ ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਹੁਣ ਤੱਕ ਤਿੰਨ ਬੱਚਿਆਂ ਸਮੇਤ 57 ਵਿਅਕਤੀਆਂ ਦੀ ਮੌਤ ਹੋ ਗਈ ਹੈ। ਲਗਾਤਰ ਪੈ ਰਹੇ ਮੀਂਹ ਕਾਰਨ ਵੱਖ ਵੱਖ ਜਗ੍ਹਾਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਕਈ ਵਿਅਕਤੀ ਮਲਬੇ ਹੇਠਾਂ ਦਬ ਗਏ। ਕੇਰਲ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਫਾਇਰ ਵਿਭਾਗ ਅਤੇ ਐਨ. ਡੀ. ਆਰ. ਐੱਫ.਼ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜਾਂ ਲਈ ਅਭਿਆਨ ਜਾਰੀ ਹੈ। ਇਸ ਘਟਨਾ ਸਬੰਧੀ ਦੁੱਖ ਜਤਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿਚ ਮਾਰੇ ਗਏ ਹਰ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਦੋ ਲੱਖ ਰੁਪਏ ਅਤੇ ਜ਼ਖਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸੂਬੇ ਦੇ ਮਾਲ ਮੰਤਰੀ ਕੇ. ਰਾਜਨ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਜ਼ਖਮੀ ਹੋਏ 70 ਤੋ ਜ਼ਿਆਦਾ ਵਿਅਕਤੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਜ਼ਮੀਨ ਖਿਸਕਣ ਕਾਰਨ ਮੰਡਕਈ, ਚੂਰਲਮਾਲਾ, ਅੱਟਮਾਲਾ ਅਤੇ ਨੂਲਪੁਝਾ ਪਿੰਡ ਪ੍ਰਭਾਵਿਤ ਹੋਏ ਹਨ। ਭਾਰੀ ਮੀਂਹ ਕਾਰਨ ਕਈ ਮਕਾਨ ਢਹਿ ਗਏ ਅਤੇ ਨਦੀਆਂ ਤੇਜ਼ੀ ਨਾਲ ਵਹਿ ਰਹੀਆਂ ਹਨ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਕਰਮਨਠੋਡੁ ਨਦੀ ’ਤੇ ਬਾਣਾਸੁਰ ਸਾਗਰ ਦੇ ਬੰਨ੍ਹ ਖੋਲ੍ਹ ਦਿੱਤੇ ਗਏ ਹਨ ਅਤੇ ਹੇਠਲੇ ਖੇਤਰ ਵਿਚ ਰਹਿਣ ਵਾਲੇ ਲੋਕਾਂ ਲਈ ਚਿਤਾਵਨੀ ਜਾਰੀ ਕਾਤੀ ਗਈ ਹੈ। ਜ਼ਮੀਨ ਕਾਰਨ ਹੋਏ ਹਾਦਸਿਆਂ ਦੇ ਰਾਹਤ ਕਾਰਜਾਂ ਲਈ ਕੇਰਲ ਸਰਕਾਰ ਨੇ ਭਾਰਤੀ ਸੈਨਾ ਦੀ ਮਦਦ ਮੰਗੀ ਹੈ, ਸੂਚਨਾ ਅਧਿਕਾਰੀ ਨੇ ਦੱਸਿਆ ਕਿ 122 ਇੰਟਫੈਂਟਰੀ ਬਟਾਲੀਅਨ ਮਦਰਾਸ ਸੈਕਿੰਡ-ਇੰਨ-ਕਮਾਂਡ ਦੇ 43 ਜਵਾਨਾਂ ਦੀ ਟੀਮ ਨੂੰ ਰਾਹਤ ਕਾਰਜਾਂ ਲਈ ਤੈਨਾਤ ਕੀਤਾ ਗਿਆ ਹੈ। ਇਸ ਟੀਮ ਵਿਚ ਇਕ ਮੈਡੀਕਲ ਅਫ਼ਸਰ, ਦੋ ਜੇਸੀਓ ਅਤੇ 40 ਸੈਨਿਕ ਸ਼ਾਮਲ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.