post

Jasbeer Singh

(Chief Editor)

Patiala News

ਪਟਿਆਲਾ ਜ਼ਿਲ੍ਹੇ 'ਚ ਬਰਸਾਤੀ ਸੀਜ਼ਨ ਦੌਰਾਨ ਲਗਾਏ ਜਾ ਰਹੇ ਨੇ 6 ਲੱਖ ਬੂਟੇ

post-img

ਪਟਿਆਲਾ ਜ਼ਿਲ੍ਹੇ 'ਚ ਬਰਸਾਤੀ ਸੀਜ਼ਨ ਦੌਰਾਨ ਲਗਾਏ ਜਾ ਰਹੇ ਨੇ 6 ਲੱਖ ਬੂਟੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹੇ 'ਚ ਲਗਾਏ ਜਾਣਗੇ 3.50 ਲੱਖ ਬੂਟੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਸ਼ੁੱਧ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਯਤਨਸ਼ੀਲ : ਡਾ. ਪ੍ਰੀਤੀ ਯਾਦਵ ਬੂਟਾ ਲਗਾਉਣ ਤੇ ਬੂਟੇ ਨੂੰ ਪਾਲਣ ਲਈ ਹਰੇਕ ਵਿਅਕਤੀ ਆਪਣੀ ਜ਼ਿੰਮੇਵਾਰੀ ਨਿਭਾਏ : ਡੀ.ਐਫ.ਓ. -ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਦਾ ਸੱਦਾ ਪਟਿਆਲਾ, 5 ਜੁਲਾਈ : ਵਾਤਾਵਰਣ ਨੂੰ ਹਰਿਆ-ਭਰਿਆ ਤੇ ਸ਼ੁੱਧ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਬਰਸਾਤੀ ਸੀਜ਼ਨ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ 6 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਵੱਖ ਵੱਖ ਵਿਭਾਗਾਂ ਸਮੇਤ ਸਮਾਜ ਸੇਵੀ ਸੰਸਥਾਵਾਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹੇ 'ਚ 3.50 ਲੱਖ ਬੂਟੇ ਲਗਾਏ ਜਾ ਰਹੇ ਹਨ । ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੂਟੇ ਲਗਾਉਣ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵੀ ਕਿਹਾ ਤਾਂ ਜੋ ਬੂਟੇ ਲਗਾਉਣ ਤੋਂ ਬਾਅਦ ਬੂਟੇ ਦੀ ਸਹੀ ਸਾਂਭ ਸੰਭਾਲ ਹੋ ਸਕੇ। ਉਨ੍ਹਾਂ ਹਰ ਵਿਅਕਤੀ ਨੂੰ ਘੱਟੋ-ਘੱਟ ਇੱਕ ਬੂਟਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਸੰਤੁਲਿਤ ਕਰਨ 'ਚ ਹਰੇਕ ਵਿਅਕਤੀ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੂਰੀ ਦੁਨੀਆ ਵਾਤਾਵਰਨ ਪ੍ਰਤੀ ਚਿੰਤਤ ਹੈ ਅਤੇ ਵਾਤਾਵਰਨ ਦੀਆਂ ਤਬਦੀਲੀਆਂ ਸਬੰਧੀ ਚਰਚਾ ਕਰ ਰਹੀ ਹੈ ਤਾਂ ਹਰੇਕ ਮਨੁੱਖ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਵਾਤਾਵਰਨ ਪ੍ਰਤੀ ਸੁਚੇਤ ਹੋਵੇ ਅਤੇ ਵਾਤਾਵਰਨ ਦੀ ਸੰਭਾਲ 'ਚ ਆਪਣਾ ਬਣਦਾ ਯੋਗਦਾਨ ਪਾਵੇ। ਡਿਪਟੀ ਕਮਿਸ਼ਨਰ ਨੇ ਬੂਟੇ ਲਗਾਉਣ ਦੀ ਮੁਹਿੰਮ ਦੌਰਾਨ ਪੰਜਾਬ ਦੇ ਰਵਾਇਤੀ ਬੂਟੇ ਜਿਸ ਵਿੱਚ ਨਿੰਮ, ਸ਼ੀਸ਼ਮ, ਅੰਬ ਤੇ ਜਾਮਣ ਵਰਗੇ ਬੂਟੇ ਲਗਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਬੂਟੇ ਲਗਾਉਣ ਲਈ ਸਥਾਨ ਦੀ ਚੋਣ ਭਵਿੱਖੀ ਯੋਜਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਸਹੀ ਕੀਤੀ ਜਾਵੇ ਤਾਂ ਜੋ ਅੱਜ ਲਗਾਏ ਬੂਟੇ ਦੀ ਛਾਂ ਸਾਡੀ ਆਉਣ ਵਾਲੀਆਂ ਪੀੜੀਆਂ ਮਾਣ ਸਕਣ। ਇਸ ਮੌਕੇ ਵਣ ਮੰਡਲ ਅਫ਼ਸਰ ਗੁਰਅਮਨਪ੍ਰੀਤ ਸਿੰਘ ਨੇ ਨਰਸਰੀ ਵਿੱਚ ਪਏ ਸਟਾਕ ਸਬੰਧੀ ਜਾਣਕਾਰੀ ਦਿੱਤੀ ਅਤੇ ਵੱਖ ਵੱਖ ਵਿਭਾਗਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਜਾਣ ਵਾਲੇ ਬੂਟੇ ਦੀ ਗਿਣਤੀ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬੂਟਾ ਲਗਾਉਣ ਤੇ ਬੂਟੇ ਨੂੰ ਪਾਲਣ ਲਈ ਹਰੇਕ ਵਿਅਕਤੀ ਆਪਣੀ ਜ਼ਿੰਮੇਵਾਰੀ ਨਿਭਾਏ । ਵਣ ਮੰਡਲ ਅਫ਼ਸਰ ਨੇ ਦੱਸਿਆ ਕਿ ਬਰਸਾਤੀ ਸੀਜ਼ਨ ਦੌਰਾਨ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ 50 ਹਜ਼ਾਰ ਬੂਟੇ, ਪੁਲਿਸ ਵਿਭਾਗ 10 ਹਜ਼ਾਰ ਬੂਟੇ, ਏ.ਡੀ.ਸੀ. (ਪੇਂਡੂ ਵਿਕਾਸ) ਤੇ ਪੰਚਾਇਤ ਵਿਭਾਗ ਪਿੰਡਾਂ ਵਿੱਚ 2 ਲੱਖ ਬੂਟੇ, ਪੀ.ਐਸ.ਪੀ.ਸੀ.ਐਲ 10 ਹਜ਼ਾਰ ਬੂਟੇ, ਖੇਤੀਬਾੜੀ ਵਿਭਾਗ ਤੇ ਸਹਿਕਾਰੀ ਸਭਾਵਾਂ 50-50 ਹਜ਼ਾਰ ਬੂਟੇ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ 50 ਹਜ਼ਾਰ ਬੂਟੇ, ਭੂਮੀ ਰੱਖਿਆ ਵਿਭਾਗ 1 ਲੱਖ ਬੂਟੇ, ਸਿੱਖਿਆ ਵਿਭਾਗ ਸਕੂਲਾਂ 'ਚ 50 ਹਜ਼ਾਰ ਬੂਟਿਆਂ ਸਮੇਤ ਸਮੂਹ ਕਾਰਜ ਸਾਧਕ ਅਫ਼ਸਰ 10-10 ਹਜ਼ਾਰ ਬੂਟੇ ਲਗਾਉਣਗੇ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਵੱਡੀ ਗਿਣਤੀ 'ਚ ਬੂਟੇ ਲਗਾਏ ਜਾਣਗੇ। ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਸਮੇਤ ਜਨਹਿੱਤ ਸਮਿਤੀ, ਹਿਊਮਨ ਰਾਈਟਸ ਮਿਸ਼ਨ ਪ੍ਰੋਟੈਕਸ਼ਨ, ਲਾਇਨ ਕਲੱਬ ਨਿਊ ਸੈਂਟਰਲ ਤੇ ਪਟਿਆਲਾ ਆਵਰ ਪਰਾਈਡ ਸਮੇਤ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਮੌਜੂਦ ਸਨ।

Related Post